- ਲਾਟਰੀ ਵਿਭਾਗ ’ਚ ਕਰੋੜਾਂ ਦੇ ਘੁਟਾਲੇ ਦਾ ਦੋਸ਼: ਸਾਬਕਾ ਮੁੱਖ ਮੰਤਰੀ ਵੱਲੋਂ CBI ਪੜਤਾਲ ਦੀ ਮੰਗ
ਮੋਰਿੰਡਾ 5 ਸਤੰਬਰ (ਭਟੋਆ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਲਾਟਰੀ ਵਿਭਾਗ ਵਿੱਚ ਵੱਡੇ ਪੱਧਰ ’ਤੇ ਧਾਂਦਲੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਲਾਸਾ ਕੀਤਾ ਕਿ ਲਾਟਰੀ ਵਿਭਾਗ ਵੱਲੋਂ ਲਾਟਰੀ ਏਜੰਟਾਂ ਦੇ ਕਮਿਸ਼ਨ ਅਤੇ ਨਿਯਮਾਂ ਵਿੱਚ ਹੇਰ-ਫੇਰ ਕਰਕੇ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਉਹਨੂੰ ਦੱਸਿਆ ਕਿ ਪਹਿਲਾਂ ਲਾਟਰੀ ਰਾਹੀਂ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਲਗਭਗ 200 ਕਰੋੜ ਰੁਪਏ ਜਮਾ ਹੁੰਦਾ ਸੀ ਜਿਹੜਾ ਕਿ ਪਿਛਲੇ ਚਾਰ ਸਾਲਾਂ ਤੋਂ ਘੱਟ ਕੇ ਸਿਰਫ 45 ਕਰੋੜ ਰੁਪਆ ਰਹਿ ਗਿਆ ਹੈ।.ਉਨਾ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਇਸ ਲਾਟਰੀ ਨੂੰ ਆਪਣੇ ਪੱਧਰ ਤੇ ਖੁਦ ਚਲਾਉਂਦੀ ਸੀ ਪਰੰਤੂ ਆਮ ਸਰਕਾਰ ਆਉਣ ਤੇ ਲਾਟਰੀ ਦਾ ਟੈਂਡਰ ਜਾਰੀ ਕਰਕੇ ਕੇਜਰੀਵਾਲ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਇੱਕ ਨੇੜਲੇ ਵਿਅਕਤੀ ਨੂੰ ਪਹਿਲਾਂ 80 ਕਰੋੜ ਰੁਪਏ ਦਾ ਦਿੱਤਾ ਜਾਂਦਾ ਸੀ ਫਿਰ ਉਸ ਡਿਫਾਲਟਰ ਹੋਣ ਤੇ 42 ਕਰੋੜ ਰੁਪਏ ਵਿੱਚ ਟੈਂਡਰ ਦਿੱਤਾ ਜਾ ਰਿਹਾ ਹੈ ਜੋ ਨਾਮ ਸਿਰਫ ਪੰਜਾਬ ਦੇ ਲੋਕਾਂ ਨੇ ਲੁੱਟ ਕਰ ਰਿਹਾ ਸਗੋਂ ਪੰਜਾਬ ਦੇ ਖਜ਼ਾਨੇ ਨੂੰ ਵੀ ਵੱਡੀ ਪੱਧਰ ਤੇ ਚੂਨਾ ਲਗਾਇਆ ਜਾ ਰਿਹਾ।
ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਕਮਿਸ਼ਨ ਏਜੰਟਾਂ ਨੂੰ ਪੰਜਾਬ ਦੀ ਲਾਟਰੀ ਦੇ ਨਾਲ ਨਾਲ ਸਿੱਕਮ ਅਤੇ ਨਾਗਾਲੈਂਡ ਸਟੇਟ ਦੀਆਂ ਲਾਟਰੀ ਟਿਕਟਾਂ ਦੇ ਵੀ 200-200 ਦੇ ਬੰਡਲ ਵੇਚਣ ਲਈ ਦਿੱਤੇ ਜਾਂਦੇ ਹਨ ਜਿਨਾਂ ਤੇ ਸਿਰਫ ਇੱਕ ਹੀ ਨੰਬਰ ਲੱਗਿਆ ਹੋਇਆ , ਜਿਨਾ ਦੀ ਕੀਮਤ 1400 ਰੁਪਏ ਹੈ। ਉਹਨਾਂ ਦੱਸਿਆ ਕਿ ਇੱਕ ਹੀ ਨੰਬਰ ਸਰਕਾਰ ਨੂੰ ਚੂਨਾ ਲਗਾਉਣ ਲਈ ਲਗਾਇਆ ਜਾਂਦਾ ਹੈ ਕਿਉਂਕਿ ਜੇਕਰ ਕਿਸੇ ਵਿਅਕਤੀ ਦੀ 20 ਲੱਖ ਰੁਪਏ ਦੀ ਇਹ ਲਾਟਰੀ ਨਿਕਲਦੀ ਹੈ ਤਾਂ ਸਬੰਧਿਤ ਲਾਟਰੀ ਠੇਕੇਦਾਰ ਸਿਰਫ 10 ਹਜਾਰ ਰੁਪਏ ਦਾ ਟੈਕਸ ਹੀ ਪੰਜਾਬ ਸਰਕਾਰ ਨੂੰ ਅਦਾ ਕਰਦਾ ਅਤੇ ਬਾਕੀ ਟੈਕਸ ਦਾ, ਉਸ ਵੱਲੋ ਆਪ ਸੁਪਰੀਮੋ ਤੇ ਵਿੱਤ ਮੰਤਰੀ ਨਾਲ ਕਥਿਤ ਮਿਲੀਭੁਗਤ ਕਰਕੇ ਸਬੰਧਿਤ ਲਾਟਰੀ ਠੇਕੇਦਾਰ ਵੱਲੋ ਚੂਨਾ ਲਗਾਇਆ ਜਾਂਦਾ ਹੈ। ਸ੍ਰੀ ਚੰਨੀ ਨੇ ਖੁਲਾਸਾ ਕੀਤਾ ਕਿ ਪਹਿਲੀਆਂ ਸਰਕਾਰਾਂ ਸਮੇ ਪਿੰਡ ਪਿੰਡ ਤੇ ਘਰ ਘਰ ਜਾ ਕੇ ਪੰਜਾਬ ਸਰਕਾਰ ਦੀ ਲਾਟਰੀ ਦੀਆ ਟਿਕਟਾਂ ਵੇਚਣ ਵਾਲੇ ਏਜੰਟਾਂ ਨੂੰ 20% ਕਮਿਸ਼ਨ ਮਿਲਦਾ ਸੀ ਪਰੰਤੂ ਮੌਜੂਦਾ ਸਰਕਾਰ ਨੇ ਇਹ 12% ਕਰਕੇ ਇਨਾਂ ਦੇ ਢਿੱਡ ਤੇ ਲੱਤ ਮਾਰੀ ਹੈਂ।
ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਲਾਟਰੀ ਵਿਭਾਗ ਵਿੱਚ ਚੱਲ ਰਹੇ ਇਸ ਖੇਲ੍ਹ ਨਾਲ ਨਾ ਸਿਰਫ਼ ਪੰਜਾਬ ਸਰਕਾਰ ਦਾ ਮਾਲੀਆ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਕਾਨੂੰਨ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਖਾਸ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨੇ ਦੀ ਲੁੱਟ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਇਸ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਇਸ ਘੁਟਾਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਲਈ ਸੀ.ਬੀ.ਆਈ. ਪੜਤਾਲ ਦੀ ਮੰਗ ਕੀਤੀ ਹੈ, ਤਾਂ ਜੋ ਸਾਰੀ ਸੱਚਾਈ ਜਨਤਾ ਦੇ ਸਾਹਮਣੇ ਆ ਸਕੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਇਸ ਖੁਲਾਸੇ ਤੋਂ ਬਾਅਦ ਸੂਬੇ ਦੀ ਰਾਜਨੀਤੀ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਤੋਂ ਇਸ ਮਾਮਲੇ ‘ਤੇ ਜਵਾਬ ਮੰਗਿਆ ਜਾ ਰਿਹਾ ਹੈ।
ਇਸ ਮੌਕੇ ਤੇ ਵਿਕਰਮ ਪਾਠਕ,ਅਸ਼ੋਕ ਰੋਪੜ, ਵਿਨੋਦ ਤਿਵਾੜੀ, ਮੁਰਲੀ ਤਿਵਾਾੜੀ ਸਮੇਤ ਵੱਡੀ ਗਿਣਤੀ ਵਿੱਚ ਲਾਟਰੀ ਕਮਿਸ਼ਨ ਏਜੰਟ ਵੀ ਹਾਜ਼ਰ ਸਨ।







