ਕੈਨੇਡਾ ’ਚ ਮੰਦੀ ਦੀ ਮਾਰ, ਅਗਸਤ ’ਚ 41,700 ਰੁਜ਼ਗਾਰ ਘਟੇ

Top Trending News ਕੌਮਾਂਤਰੀ

  • ਕੈਨੇਡਾ ’ਚ ਮੰਦੀ ਦੀ ਮਾਰ, ਅਗਸਤ ’ਚ 41,700 ਰੁਜ਼ਗਾਰ ਘਟੇ
  • ਮਾਹਿਰਾਂ ਨੂੰ ਸੀ ਨੌਕਰੀਆਂ ਵਧਣ ਦੀ ਉਮੀਦ, ਨੌਜਵਾਨਾਂ ਦੀ ਬੇਰੁਜ਼ਗਾਰੀ ਵੀ ਵਧੀ

ਚੰਡੀਗੜ੍ਹ, 5 ਸਤੰਬਰ (ਦੇਸ਼ ਕਲਿੱਕ ਬਿਊਰੋ): ਅਗਸਤ ਮਹੀਨੇ ਵਿੱਚ ਕੈਨੇਡਾ ਦੇ ਰੁਜ਼ਗਾਰ ਬਾਜ਼ਾਰ ‘ਤੇ ਮੰਡੀ ਦੀ ਮਾਰ ਪਈ ਹੈ। ਅੰਕੜਿਆਂ ਮੁਤਾਬਕ ਦੇਸ਼ ਵਿੱਚ 41,700 ਨੌਕਰੀਆਂ ਦੀ ਕਮੀ ਦਰਜ ਕੀਤੀ ਗਈ। ਹਾਲਾਂਕਿ ਇਸ ਗਿਰਾਵਟ ਦੇ ਬਾਵਜੂਦ ਬੇਰੁਜ਼ਗਾਰੀ ਦਰ 6.4 ਫ਼ੀਸਦੀ ’ਤੇ ਸਥਿਰ ਰਹੀ। ਇਸ ਤੋਂ ਪਹਿਲਾਂ ਮਾਹਿਰਾਂ ਵੱਲੋਂ ਅਗਸਤ ਵਿੱਚ ਕਰੀਬ 15,000 ਨਵੀਆਂ ਨੌਕਰੀਆਂ ਪੈਦਾ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਜੁਲਾਈ ਵਿੱਚ ਦੇਸ਼ ਵਿੱਚ 75,100 ਨੌਕਰੀਆਂ ਦਾ ਵਾਧਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਗਸਤ ਦੇ ਅੰਕੜਿਆਂ ਨੇ ਮਾਰਕੀਟ ਨੂੰ ਹੈਰਾਨ ਕਰ ਦਿੱਤਾ। ਇਹ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਵਿੱਤੀ ਬਾਜ਼ਾਰ ਵਿੱਚ ਵੀ ਤੁਰੰਤ ਅਸਰ ਦੇਖਣ ਨੂੰ ਮਿਲਿਆ। ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 0.51 ਫ਼ੀਸਦੀ ਕਮਜ਼ੋਰ ਹੋ ਕੇ 1.3860 ਕੈਨੇਡੀਅਨ ਡਾਲਰ ਪ੍ਰਤੀ ਅਮਰੀਕੀ ਡਾਲਰ ਦੇ ਪੱਧਰ ’ਤੇ ਆ ਗਿਆ।

ਫੁੱਲ-ਟਾਈਮ ਨੌਕਰੀਆਂ ਵਿੱਚ ਸਭ ਤੋਂ ਵੱਧ ਕਮੀ
ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਅਗਸਤ ਵਿੱਚ ਰੁਜ਼ਗਾਰ ਦੀ ਗਿਰਾਵਟ ਦਾ ਸਭ ਤੋਂ ਵੱਡਾ ਅਸਰ ਫੁੱਲ-ਟਾਈਮ ਨੌਕਰੀਆਂ ’ਤੇ ਪਿਆ। ਇਸ ਸ਼੍ਰੇਣੀ ਵਿੱਚ 35,900 ਅਹੁਦੇ ਘਟੇ, ਜਦਕਿ ਪਾਰਟ-ਟਾਈਮ ਰੁਜ਼ਗਾਰ ਵਿੱਚ ਵੀ 5,800 ਨੌਕਰੀਆਂ ਦੀ ਕਮੀ ਦਰਜ ਕੀਤੀ ਗਈ। ਸੇਵਾ ਖੇਤਰ ਨਾਲ ਜੁੜੇ ਉਦਯੋਗਾਂ, ਜਿਨ੍ਹਾਂ ਵਿੱਚ ਸਿਹਤ ਸੰਭਾਲ, ਸਿੱਖਿਆ, ਆਵਾਜਾਈ ਅਤੇ ਵਿੱਤੀ ਸੇਵਾਵਾਂ ਸ਼ਾਮਲ ਹਨ, ਵਿੱਚ ਵੀ ਰੁਜ਼ਗਾਰ ਘਟਿਆ। ਇਨ੍ਹਾਂ ਖੇਤਰਾਂ ਵਿੱਚ ਅਗਸਤ ਦੌਰਾਨ ਕੁੱਲ 51,500 ਨੌਕਰੀਆਂ ਦੀ ਕਮੀ ਸਾਹਮਣੇ ਆਈ।

ਨੌਜਵਾਨਾਂ ਲਈ ਵੀ ਵਧੀ ਚਿੰਤਾ
ਕੈਨੇਡਾ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ ਵੀ ਵਧੀ ਹੈ। ਅਗਸਤ ਵਿੱਚ ਇਹ ਦਰ 0.3 ਫ਼ੀਸਦੀ ਵਧ ਕੇ 12.9 ਫ਼ੀਸਦੀ ਤੱਕ ਪਹੁੰਚ ਗਈ। ਇਸ ਦੇ ਨਾਲ ਹੀ ਸਥਾਈ ਕਰਮਚਾਰੀਆਂ ਦੀ ਔਸਤ ਪ੍ਰਤੀ ਘੰਟਾ ਤਨਖ਼ਾਹ ਵਿੱਚ ਸਾਲਾਨਾ ਵਾਧੇ ਦੀ ਰਫ਼ਤਾਰ ਘਟ ਕੇ ਕਰੀਬ 2 ਫ਼ੀਸਦੀ ਰਹਿ ਗਈ। ਕੈਨੇਡਾ ਦੇ ਲੇਬਰ ਮਾਰਕੀਟ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਹੋਰ ਚੁਣੌਤੀਆਂ ਵੀ ਖੜ੍ਹੀਆਂ ਹੋ ਸਕਦੀਆਂ ਹਨ। ਅਮਰੀਕਾ ਵੱਲੋਂ ਲਾਗੂ ਕੀਤੇ ਨਵੇਂ 50 ਫ਼ੀਸਦੀ ਟੈਰਿਫ ਅਤੇ ਇਸ ਦੇ ਜਵਾਬ ਵਿੱਚ ਕੈਨੇਡਾ ਦੀਆਂ ਸੰਭਾਵਿਤ ਵਪਾਰਕ ਕਾਰਵਾਈਆਂ ਦਾ ਅਸਰ ਰੁਜ਼ਗਾਰ ਅਤੇ ਕਾਰੋਬਾਰੀ ਸਰਗਰਮੀਆਂ ’ਤੇ ਪੈਣ ਦੀ ਚਿੰਤਾ ਜਤਾਈ ਜਾ ਰਹੀ ਹੈ। ਇਸ ਕਾਰਨ ਪਹਿਲਾਂ ਹੀ ਸੁਸਤ ਪੈ ਰਹੀ ਕੈਨੇਡਾ ਦੀ ਲੇਬਰ ਮਾਰਕੀਟ ’ਤੇ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਦਬਾਅ ਪੈਣ ਦੀ ਸੰਭਾਵਨਾ ਬਣੀ ਹੋਈ ਹੈ।