ਪਾਕਿਸਤਾਨ ’ਚ ਇਕ ਹੋਰ ਇਤਿਹਾਸਕ ਗੁਰਦੁਆਰਾ ਢਾਹੁਣ ਦਾ ਦਾਅਵਾ, ਥਾਂ ’ਤੇ ਬਣਾਈ ‘ਹਵੇਲੀ’

Top Trending News ਕੌਮਾਂਤਰੀ ਪੰਜਾਬ

  • ਪਾਕਿਸਤਾਨ ’ਚ ਇਕ ਹੋਰ ਇਤਿਹਾਸਕ ਗੁਰਦੁਆਰਾ ਢਾਹੁਣ ਦਾ ਦਾਅਵਾ, ਥਾਂ ’ਤੇ ਬਣਾਈ ‘ਹਵੇਲੀ’

ਨਨਕਾਣਾ ਸਾਹਿਬ: 5 ਸਤੰਬਰ (ਦੇਸ਼ ਕਲਿੱਕ ਬਿਊਰੋ): ਪਾਕਿਸਤਾਨ ਵਿੱਚ ਇਤਿਹਾਸਕ ਸਿੱਖ ਧਾਰਮਿਕ ਅਸਥਾਨਾਂ ਨੂੰ ਲੈ ਕੇ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਪਿੰਡ ਚਿੱਟੀ ਜਾਤਰੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸ ਦੀ ਥਾਂ ‘ਡੋਗਰਾ ਦੀ ਹਵੇਲੀ’ ਬਣਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਕਵੇਟਾ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਢਾਹ ਕੇ ਸ਼ਾਪਿੰਗ ਪਲਾਜ਼ਾ ਬਣਾਉਣ ਦੇ ਦਾਅਵੇ ਨੇ ਵੀ ਚਰਚਾ ਛੇੜੀ ਸੀ।

ਅਮਰੀਕਾ ਰਹਿੰਦੇ ਸਿੱਖ ਵਿਦਵਾਨ ਡਾ. ਤਰਨਜੀਤ ਸਿੰਘ ਬੁਤਾਲੀਆ ਨੇ ਇਸ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਇੱਥੇ ਇਤਿਹਾਸਕ ਅਵਸ਼ੇਸ਼ ਅਤੇ ਦਸਤਾਵੇਜ਼ ਮਿਲਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਸਥਾਨਕ ਬਜ਼ੁਰਗ ਰਾਣਾ ਮੁਹੰਮਦ ਨੇ ਵੀ ਪੁਸ਼ਟੀ ਕੀਤੀ ਕਿ ਇਸ ਥਾਂ ’ਤੇ ਪਹਿਲਾਂ ਛੋਟੀਆਂ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਸ੍ਰੀ ਮੰਜੀ ਸਾਹਿਬ ਹਾਲ ਮੌਜੂਦ ਸੀ।

ਡਾ. ਬੁਤਾਲੀਆ ਦੇ ਅਨੁਸਾਰ ਪੁਰਾਣੇ ਗੁਰਦੁਆਰਾ ਸਾਹਿਬ ਵਿੱਚ ਇੱਕ ਵਿਸ਼ਾਲ ਗੁੰਬਦ ਅਤੇ ਖੁੱਲ੍ਹਾ ਪ੍ਰਾਂਗਣ ਵੀ ਸੀ। ਉਨ੍ਹਾਂ ਵੱਲੋਂ ਇਨ੍ਹਾਂ ਦਾਅਵਿਆਂ ਦੇ ਸਮਰਥਨ ਵਿੱਚ ਇਤਿਹਾਸਕ ਦਸਤਾਵੇਜ਼ ਅਤੇ ਸਥਾਨ ’ਤੇ ਬਚੇ ਅਵਸ਼ੇਸ਼ਾਂ ਦਾ ਹਵਾਲਾ ਦਿੱਤਾ ਗਿਆ ਹੈ। ਇਸ ਮਾਮਲੇ ਨੇ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਤ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।