Canada ਤੋਂ ਵੱਡੀ ਖ਼ਬਰ: 30 ਲੱਖ ਡਾਲਰ ਦੇ ਕਥਿਤ ਘਪਲੇ ਕੇਸ ’ਚ ਘਿਰੇ ਵੈਨਕੂਵਰ ਪੁਲੀਸ ਦੇ ਅਧਿਕਾਰੀ “ਕੈਲ ਦੋਸਾਂਝ” ਮੁਅੱਤਲ
ਵੈਨਕੂਵਰ 5 ਸਤੰਬਰ 2026
ਵੈਨਕੂਵਰ ਪੁਲੀਸ ਵੱਲੋਂ ਇੱਕ ਸਾਥੀ ਸਮੇਤ ਗ੍ਰਿਫ਼ਤਾਰ ਕੀਤੇ ਗਏ ਪੁਲੀਸ ਅਧਿਕਾਰੀ ਕਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਨੂੰ ਪੁਲੀਸ ਬੋਰਡ ਨੇ ਬਿਨਾਂ ਤਨਖ਼ਾਹ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਵੈਨਕੂਵਰ ਪੁਲੀਸ ਦੇ ਮੁਖੀ ਸਤਵਿੰਦਰ ਸਿੰਘ ਰਾਏ ਉਰਫ਼ ਸਟੀਵ ਰਾਏ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਮਾਮਲੇ ਦੀ ਢਾਈ ਸਾਲ ਲੰਬੀ ਜਾਂਚ ਦੌਰਾਨ ਕਈ ਲੋਕਾਂ ਨੇ ਕੈਲ ਵੱਲੋਂ ਉਨ੍ਹਾਂ ਦੀਆਂ ਰਕਮਾਂ ਹੜੱਪਣ ਸਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ।
ਪੁਲੀਸ ਅਨੁਸਾਰ ਜਾਂਚ ਦੌਰਾਨ 19 ਵਿਅਕਤੀਆਂ ਨਾਲ ਸਬੰਧਤ ਲਗਭਗ 30 ਲੱਖ ਕੈਨੇਡੀਅਨ ਡਾਲਰ ਦੇ ਕਥਿਤ ਘਪਲੇ ਦੇ ਸਬੂਤ ਮਿਲੇ ਹਨ। ਇਸ ਆਧਾਰ ’ਤੇ ਕੈਲ ਵਿਰੁੱਧ 9 ਅਤੇ ਉਸ ਦੇ ਸਾਥੀ ਵਿਰੁੱਧ 8 ਦੋਸ਼ ਲਾਏ ਗਏ ਹਨ। ਪੁਲੀਸ ਮੁਖੀ ਨੇ ਕਿਹਾ ਕਿ ਇਸ ਘਟਨਾ ਨੇ ਵੈਨਕੂਵਰ ਪੁਲੀਸ ਦੀ ਸਾਖ ਨੂੰ ਠੇਸ ਪਹੁੰਚਾਈ ਹੈ ਅਤੇ ਉਹ ਇਸ ਤੋਂ ਦੁਖੀ ਹਨ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦਸੰਬਰ 2023 ਵਿੱਚ ਮਿਲਣ ਤੋਂ ਬਾਅਦ ਜਾਂਚ ਆਰੰਭ ਕੀਤੀ ਗਈ ਸੀ। ਇਸ ਦੌਰਾਨ ਕਈ ਸ਼ਿਕਾਇਤਕਰਤਾ ਆਪਣੀ ਰਕਮ ਦੇ ਸਰੋਤਾਂ ਸਬੰਧੀ ਲੋੜੀਂਦੇ ਸਬੂਤ ਪੇਸ਼ ਨਹੀਂ ਕਰ ਸਕੇ।
ਉਧਰ, ਕੈਲ ਦੇ ਵਕੀਲ ਨੇ ਆਪਣੇ ਮੁਵੱਕਲ ਨੂੰ ਬੇਕਸੂਰ ਦੱਸਦਿਆਂ ਕਿਹਾ ਹੈ ਕਿ ਅਦਾਲਤੀ ਫ਼ੈਸਲੇ ਤੋਂ ਪਹਿਲਾਂ ਉਸ ਦੇ ਕਿਰਦਾਰ ’ਤੇ ਉਂਗਲ ਉਠਾਉਣਾ ਠੀਕ ਨਹੀਂ।







