Punjab Breaking: 600 ਕਿਲੋ ਪਨੀਰ ਸਮੇਤ ਵਿਅਕਤੀ ਕਾਬੂ, FIR ਦਰਜ

Top Trending News ਪੰਜਾਬ

 

Punjab Breaking: 600 ਕਿਲੋ ਪਨੀਰ ਸਮੇਤ ਵਿਅਕਤੀ ਕਾਬੂ, FIR ਦਰਜ

ਬਰਨਾਲਾ 5 ਸਤੰਬਰ 2026- ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟਖੋਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਬਰਨਾਲਾ ਸੀ.ਆਈ.ਏ. ਸਟਾਫ਼ ਅਤੇ ਫੂਡ ਸੇਫ਼ਟੀ ਵਿਭਾਗ ਦੀ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ 600 ਕਿਲੋ ਸ਼ੱਕੀ ਪਨੀਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਪਨੀਰ ਲਿਜਾਣ ਲਈ ਵਰਤੀ ਜਾ ਰਹੀ ਗੱਡੀ ਵੀ ਬਰਾਮਦ ਕੀਤੀ ਹੈ।

ਸੀ.ਆਈ.ਏ. ਸਟਾਫ਼ ਦੇ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਫੂਡ ਸੇਫ਼ਟੀ ਅਫ਼ਸਰ ਚਰਨਜੀਤ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਗੁਰਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬਖੋਰਾ ਕਲਾਂ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ 600 ਕਿਲੋ ਪਨੀਰ ਬਰਾਮਦ ਹੋਇਆ।

ਮੌਕੇ ’ਤੇ ਮੌਜੂਦ ਫੂਡ ਸੇਫ਼ਟੀ ਅਫ਼ਸਰ ਨੇ ਪਨੀਰ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ, ਜਦਕਿ ਬਾਕੀ ਮਾਲ ਨਿਯਮਾਂ ਅਨੁਸਾਰ ਜ਼ਬਤ ਕਰ ਲਿਆ ਗਿਆ। ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਇਹ ਪਨੀਰ ਸੰਗਰੂਰ ਤੋਂ ਲੈ ਕੇ ਬਠਿੰਡਾ ਵੱਲ ਵੇਚਣ ਲਈ ਜਾ ਰਿਹਾ ਸੀ।

ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 318(4), 274 ਅਤੇ 275 ਤਹਿਤ ਮਾਮਲਾ ਦਰਜ ਕੀਤਾ ਹੈ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਮਿਲਾਵਟਖੋਰਾਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ।