- ਰੰਜਿਸ਼ ਤਹਿਤ ਹਮਲਾ ਕਰਨ ਅਤੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਪਰਚਾ ਦਰਜ
ਮੋਰਿੰਡਾ, 6 ਸਤੰਬਰ (ਭਟੋਆ): ਮੋਰਿੰਡਾ ਸਦਰ ਪੁਲਿਸ ਵੱਲੋਂ ਮੋਰਿੰਡਾ ਰੂਪਨਗਰ ਮਾਰਗ ਤੇ ਸਥਿਤ ਪਿੰਡ ਕੋਟਲਾ ਨੇੜੇ ਇੱਕ ਨਾਬਾਲਗ ਲੜਕੇ ‘ਤੇ ਜਾਨਲੇਵਾ ਹਮਲਾ ਕਰਨ ਅਤੇ ਉਸ ਦੀ ਭੈਣ ਨੂੰ ਜ਼ਬਰਦਸਤੀ ਨਾਲ ਲੈ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਅੱਧਾ ਦਰਜਨ ਨਾਮਜ਼ਦ ਅਤੇ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁੱਖੀ ਇੰਸਪੈਕਟਰ ਸਿਮਰਨਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਕੀਤੀ ਗਈ ਹੈ।
ਪੀੜਤ ਯਾਸੀਨ (17) ਪੁੱਤਰ ਨੂਰ ਆਲਮ, ਵਾਸੀ ਪਿੰਡ ਕਾਈਨੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 1 ਸਤੰਬਰ ਨੂੰ ਸ਼ਾਮ ਕਰੀਬ 4 ਵਜੇ ਉਹ ਆਪਣੀ ਮਾਤਾ ਨਜੀਰਾ, ਭਾਬੀ ਰੇਸ਼ਮਾ ਅਤੇ ਛੋਟੀ ਭੈਣ ਹਸੀਨਾ ਨਾਲ ਪਿੰਡ ਕੋਟਲਾ ਨੇੜੇ ਬਣ ਰਹੇ ਨਵੇਂ ਭਾਰਤ ਮਾਲਾ ਰੋਡ ‘ਤੇ ਪਸ਼ੂ ਚਾਰ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ।
ਸ਼ਿਕਾਇਤਕਰਤਾ ਅਨੁਸਾਰ ਉਸ ਦੇ ਮਾਮੇ ਸੈਫ ਅਲੀ, ਮੁਹੰਮਦ ਹਨੀਫ, ਭੂਆ ਦੇ ਲੜਕੇ ਵੀਰ ਅਲੀ, ਰਫੀਕ ਅਲੀ ਵਾਸੀਆਨ ਸਾਲਾਪੁਰ, ਅਬਦੁਲ ਵਾਸੀ ਪੁਰਖਾਲੀ ਅਤੇ 5-6 ਅਣਪਛਾਤੇ ਵਿਅਕਤੀਆਂ ਨੇ ਉਸ ਦੀ ਛੋਟੀ ਭੈਣ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਯਾਸੀਨ ਨੇ ਉਨ੍ਹਾਂ ਨੂੰ ਰੋਕਿਆ ਤਾਂ ਅਬਦੁਲ ਅਤੇ ਸੈਫ ਅਲੀ ਨੇ ਉਸ ‘ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਸਿਰ ਅਤੇ ਸੱਜੇ ਗੁੱਟ ‘ਤੇ ਗੰਭੀਰ ਸੱਟਾਂ ਲੱਗੀਆਂ। ਬਾਕੀ ਹਮਲਾਵਰਾਂ ਨੇ ਵੀ ਉਸ ‘ਤੇ ਡੰਡਿਆਂ ਨਾਲ ਵਾਰ ਕੀਤੇ।
ਯਾਸੀਨ ਦੁਆਰਾ ਰੌਲਾ ਪਾਉਣ ‘ਤੇ ਨੇੜੇ ਕੰਮ ਕਰਦੀ ਲੇਬਰ ਨੂੰ ਆਉਂਦਾ ਦੇਖ ਕੇ ਹਮਲਾਵਰ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਜ਼ਖ਼ਮੀ ਯਾਸੀਨ ਨੂੰ ਪਹਿਲਾਂ ਸਿਵਲ ਹਸਪਤਾਲ ਮੋਰਿੰਡਾ ਅਤੇ ਬਾਅਦ ਵਿੱਚ ਗੰਭੀਰ ਹਾਲਤ ਨੂੰ ਦੇਖਦਿਆਂ ਸਰਕਾਰੀ ਹਸਪਤਾਲ ਫੇਸ-6 ਮੋਹਾਲੀ ਰੈਫਰ ਕੀਤਾ ਗਿਆ, ਜਿੱਥੇ ਉਹ ਜੇਰ-ਏ-ਇਲਾਜ ਹੈ।
ਮਾਮਲੇ ਦੀ ਤਫ਼ਤੀਸ਼ ਕਰ ਰਹੇ ਏਐੱਸਆਈ. ਯੁਵਰਾਜ ਸ਼ਰਮਾ ਨੇ ਮੋਹਾਲੀ ਹਸਪਤਾਲ ਪੁੱਜ ਕੇ ਪੀੜਤ ਦੇ ਬਿਆਨ ਦਰਜ ਕਰਨ ਉਪਰੰਤ ਇਨਾ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।







