Punjab Police ਦੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, ਕਰੀਬ 2 ਕਿਲੋ ਹੈਰੋਇਨ ਬਰਾਮਦ
ਗੁਰਦਾਸਪੁਰ, 6 ਸਤੰਬਰ 2026: ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲਿਆਂ ਵਿੱਚ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਕੀਤੇ ਹਨ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਦੋਰਾਂਗਲਾ ਪੁਲਿਸ ਨੇ ਨਾਕਾਬੰਦੀ ਦੌਰਾਨ ਮਨਪ੍ਰੀਤ ਸਿੰਘ ਵਾਸੀ ਇਸਲਾਮਪੁਰ ਨੂੰ ਕਾਬੂ ਕੀਤਾ। ਪੁਲਿਸ ਵੱਲੋਂ ਉਪ ਕਪਤਾਨ ਪੁਲਿਸ, ਦੀਨਾਨਗਰ ਦੀ ਹਾਜ਼ਰੀ ਵਿੱਚ ਕੀਤੀ ਤਲਾਸ਼ੀ ਦੌਰਾਨ ਉਸ ਕੋਲੋਂ ਦੋ ਪੈਕਟਾਂ ਵਿੱਚ 1 ਕਿਲੋ 103 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਇਹ ਖੇਪ ਕਥਿਤ ਤੌਰ ’ਤੇ ਡਰੋਨ ਰਾਹੀਂ ਪਾਕਿਸਤਾਨੀ ਤਸਕਰਾਂ ਤੋਂ ਮੰਗਵਾਈ ਸੀ।
ਇਸੇ ਤਰ੍ਹਾਂ ਦੀਨਾਨਗਰ ਪੁਲਿਸ ਨੇ ਸਕੂਟਰੀ ਸਵਾਰ ਦੋ ਨੌਜਵਾਨਾਂ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ, ਦੋਵੇਂ ਵਾਸੀ ਫ਼ਿਰੋਜ਼ਪੁਰ, ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 548 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਮੁਤਾਬਕ ਉਹ ਹੈਰੋਇਨ ਦੀ ਖੇਪ ਲੈਣ ਲਈ ਇੱਥੇ ਆਏ ਸਨ।
ਡੀਐਸਪੀ ਨੇ ਦੱਸਿਆ ਕਿ ਥਾਣਾ ਤਿੱਬੜ ਪੁਲਿਸ ਵੱਲੋਂ ਵੀ 295 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਨਸ਼ਾ ਤਸਕਰੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।







