ਵਿਸ਼ੇਸ਼ ਐਂਟੀ-ਗੈਂਗਸਟਰ ਮੁਹਿੰਮ: Mohali ਪੁਲਿਸ ਵੱਲੋਂ ਨਾਜਾਇਜ਼ ਹਥਿਆਰ ਸਮੇਤ ਇੱਕ ਕਾਬੂ

Top Trending News ਪੰਜਾਬ

ਵਿਸ਼ੇਸ਼ ਐਂਟੀ-ਗੈਂਗਸਟਰ ਮੁਹਿੰਮ: Mohali ਪੁਲਿਸ ਵੱਲੋਂ ਨਾਜਾਇਜ਼ ਹਥਿਆਰ ਸਮੇਤ ਇੱਕ ਕਾਬੂ

ਮੁਲਜ਼ਮ ਕੋਲੋਂ .315 ਬੋਰ ਦੇਸੀ ਕੱਟਾ ਅਤੇ ਜ਼ਿੰਦਾ ਕਾਰਤੂਸ ਬਰਾਮਦ; ਹਥਿਆਰ ਉੱਤਰ ਪ੍ਰਦੇਸ਼ ਤੋਂ ਲਿਆਉਣ ਦਾ ਖੁਲਾਸਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਸਤੰਬਰ:

ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ. ਨਗਰ ਵਰੁਣ ਸ਼ਰਮਾ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਪਤਾਨ ਪੁਲਿਸ (ਸਿਟੀ) ਦਿਲਪ੍ਰੀਤ ਸਿੰਘ, ਆਈ.ਪੀ.ਐਸ. ਦੀ ਨਿਗਰਾਨੀ ਹੇਠ ਐਸ.ਏ.ਐਸ. ਨਗਰ ਪੁਲਿਸ ਵੱਲੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਅਤੇ ਗੈਂਗਸਟਰ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ ਤੇਜ਼ ਕੀਤੀ ਗਈ ਹੈ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ (ਸਿਟੀ-1) ਗੁਰਚਰਨ ਸਿੰਘ, ਪੀ.ਪੀ.ਐਸ. ਨੇ ਦੱਸਿਆ ਕਿ ਥਾਣਾ ਫੇਜ਼-1, ਮੋਹਾਲੀ ਦੀ ਪੁਲਿਸ ਟੀਮ ਨੇ ਐਸ.ਐਚ.ਓ. ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਹੇਠ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਨਾਜਾਇਜ਼ ਹਥਿਆਰ ਸਮੇਤ ਕਾਬੂ ਕੀਤਾ।

ਇਸ ਸਬੰਧੀ ਥਾਣਾ ਫੇਜ਼-1, ਮੋਹਾਲੀ ਵਿਖੇ ਐਫ.ਆਈ.ਆਰ. ਨੰਬਰ 199 ਮਿਤੀ 4 ਸਤੰਬਰ 2026, ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਦਰਜ ਕੀਤੀ ਗਈ ਹੈ।

ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਰਾਜੀਵ ਉਰਫ਼ ਬਾਦਲ (25), ਪੁੱਤਰ ਅਜਵੀਰ, ਵਾਸੀ ਪਿੰਡ ਪਿੰਡ ਪੱਪੜਪੁਰਾ, ਤਹਿਸੀਲ ਲਾਖੜੀ ਦਾਰੇ, ਜ਼ਿਲ੍ਹਾ ਮੁਰਾਦਾਬਾਦ, ਉੱਤਰ ਪ੍ਰਦੇਸ਼, ਹਾਲ ਵਾਸੀ ਦਾਰੇ ਦਾ ਪੀ.ਜੀ., ਸ਼ਿਵ ਮੰਦਰ ਨੇੜੇ, ਆਜ਼ਾਦ ਨਗਰ, ਬਲੌਂਗੀ, ਜ਼ਿਲ੍ਹਾ ਐਸ.ਏ.ਐਸ. ਨਗਰ ਵਜੋਂ ਹੋਈ ਹੈ।

ਪੁਲਿਸ ਵੱਲੋਂ ਮੁਲਜ਼ਮ ਕੋਲੋਂ ਇੱਕ .315 ਬੋਰ ਦੇਸੀ ਕੱਟਾ ਅਤੇ ਇੱਕ ਜ਼ਿੰਦਾ .315 ਬੋਰ ਕਾਰਤੂਸ ਬਰਾਮਦ ਕੀਤਾ ਗਿਆ ਹੈ।

ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਹੋਰ ਜਾਂਚ ਲਈ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਨਾਜਾਇਜ਼ ਹਥਿਆਰ ਉੱਤਰ ਪ੍ਰਦੇਸ਼ ਤੋਂ ਲਿਆਂਦਾ ਗਿਆ ਸੀ ਅਤੇ ਮੁਲਜ਼ਮ ਸਥਾਨਕ ਪੱਧਰ ’ਤੇ ਆਪਣਾ ਪ੍ਰਭਾਵ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਮੁਲਜ਼ਮ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਹਥਿਆਰ ਦੇ ਸਰੋਤ ਅਤੇ ਨਾਜਾਇਜ਼ ਹਥਿਆਰਾਂ ਜਾਂ ਗੈਂਗਸਟਰ ਗਤੀਵਿਧੀਆਂ ਨਾਲ ਜੁੜੇ ਹੋਰ ਵਿਅਕਤੀਆਂ ਨਾਲ ਸੰਭਾਵਿਤ ਸਬੰਧਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।