ਡੇਰਾਬੱਸੀ ‘ਚ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਮਾਰੀ ਟੱਕਰ, ਗੰਭੀਰ ਜ਼ਖਮੀ

Top Trending News ਪੰਜਾਬ

 

ਡੇਰਾਬੱਸੀ ‘ਚ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਮਾਰੀ ਟੱਕਰ, ਗੰਭੀਰ ਜ਼ਖਮੀ

ਡੇਰਾਬੱਸੀ 7 ਸਤੰਬਰ 2026

ਡੇਰਾਬੱਸੀ ਪੁਲਿਸ ਥਾਣੇ ਨੇੜੇ ਐਤਵਾਰ ਦੇਰ ਰਾਤ ਤੇਜ਼ ਰਫ਼ਤਾਰ ਮਿੱਟੀ ਨਾਲ ਭਰੇ ਟਿੱਪਰ ਟਰੱਕ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਟੱਕਰ ਤੋਂ ਬਾਅਦ ਦੋਵੇਂ ਸੜਕ ’ਤੇ ਡਿੱਗ ਪਏ ਅਤੇ ਟਿੱਪਰ ਦਾ ਪਹੀਆ ਉਨ੍ਹਾਂ ਦੀਆਂ ਲੱਤਾਂ ਉੱਪਰੋਂ ਲੰਘ ਗਿਆ।

ਚਸ਼ਮਦੀਦਾਂ ਮੁਤਾਬਕ ਮਿੱਟੀ ਨਾਲ ਲੱਦਿਆ ਟਿੱਪਰ ਸਰਕਾਰੀ ਕਾਲਜ ਵੱਲੋਂ ਤੇਜ਼ ਰਫ਼ਤਾਰ ਨਾਲ ਡੇਰਾਬੱਸੀ ਵੱਲ ਆ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਜਾ ਰਹੇ ਦੋ ਨੌਜਵਾਨ ਥਾਣੇ ਨੇੜੇ ਟਿੱਪਰ ਦੀ ਲਪੇਟ ਵਿੱਚ ਆ ਗਏ। ਰਾਹਗੀਰਾਂ ਨੇ ਤੁਰੰਤ ਦੋਵਾਂ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਗੰਭੀਰ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਸੈਕਟਰ-32, ਚੰਡੀਗੜ੍ਹ ਸਥਿਤ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ।

ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮਾਈਨਿੰਗ ਨਾਲ ਸਬੰਧਤ ਸੈਂਕੜੇ ਟਿੱਪਰ ਡੇਰਾਬੱਸੀ ਦੀਆਂ ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਟਿੱਪਰਾਂ ਦੀ ਰਫ਼ਤਾਰ ’ਤੇ ਨਕੇਲ ਪਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਇਸ ਦੌਰਾਨ ਕੁਝ ਲੋਕਾਂ ਵੱਲੋਂ ਸੜਕ ’ਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ ਨੂੰ ਵੀ ਹਾਦਸੇ ਨਾਲ ਜੋੜਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।