- ਗੁਲਜ਼ਾਰ ਸਿੰਘ ਮੌਤ ਦਾ ਮਾਮਲਾ: ਸੁਖਬੀਰ ਬਾਦਲ ਵੱਲੋਂ ਹਰਪਾਲ ਚੀਮਾ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰਨ ਦੀ ਮੰਗ
- ਕਿਹਾ ਕਿ ਗੁਲਜ਼ਾਰ ਸਿੰਘ ਵੱਲੋਂ ਮਰਦੇ ਸਮੇਂ ਦਿੱਤਾ ਗਿਆ ਬਿਆਨ ਪਵਿੱਤਰ, ਜਿਹਨਾਂ ਨੇ ਉਸਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ, ਉਹਨਾਂ ਖਿਲਾਫ ਕਾਰਵਾਈ ਜ਼ਰੂਰੀ
- ਸਰਕਾਰ ਤੋਂ ਸਵਾਲ ਪੁੱਛਣਾ ਅਪਰਾਧ ਨਹੀਂ ਪਰ ਖੁਦਕੁਸ਼ੀ ਲਈ ਉਕਸਾਉਣਾ ਅਪਰਾਧ: ਸੁਖਬੀਰ ਬਾਦਲ
ਸੰਗਰੂਰ/ਚੰਡੀਗੜ੍ਹ, 8 ਸਤੰਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਗੁਲਜ਼ਾਰ ਸਿੰਘ ਵੱਲੋਂ ਮਰਨ ਤੋਂ ਪਹਿਲਾਂ ਜਾਰੀ ਕੀਤੀ ਗਈ ਵੀਡੀਓ ਵਿਚ ਦਿੱਤੇ ਬਿਆਨ ਦੇ ਆਧਾਰ ’ਤੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਹੋਰਨਾਂ ਜਿਹਨਾਂ ਉਸਨੂੰ ਖੁਦਕੁਸ਼ੀ ਲਈ ਮਜ਼ਬੂਰ ਕੀਤਾ, ਦੇ ਖਿਲਾਫ ਕੇਸ ਦਰਜ ਕੀਤਾ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਤੁੰਗ ਵਣਜਾਰਾ ਪਿੰਡ ਵਿਚ ਗੁਲਜ਼ਾਰ ਸਿੰਘ ਦੀ ਰਿਹਾਇਸ਼ ’ਤੇ ਪਹੁੰਚ ਕੇ ਪੀੜਤ ਪਰਿਵਾਰ ਨੂੰ ਹਰ ਕਿਸਮ ਦੀ ਮਦਦ ਦਾ ਭਰੋਸਾ ਦੁਆਇਆ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਇਸ ਕੇਸ ਨੂੰ ਤਰਕਸੰਗਤ ਨਤੀਜੇ ਤੱਕ ਲੈ ਕੇ ਜਾਵੇਗਾ ਤੇ ਜਦੋਂ ਤੱਕ ਹਰਪਾਲ ਚੀਮਾ ਨੂੰ ਗ੍ਰਿਫਤਾਰ ਕਰ ਕੇ ਇਸ ਅਪਰਾਧ ਦੀ ਸਜ਼ਾ ਨਹੀਂ ਮਿਲਦੀ, ਟਿਕ ਕੇ ਨਹੀਂ ਬੈਠੇਗਾ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਗੁਲਜ਼ਾਰ ਸਿੰਘ ਦਾ ਕਸੂਰ ਸਿਰਫ ਇਹ ਸੀ ਕਿ ਉਸਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕੀਤੀ ਜਾ ਰਹੀ ਲੋਕ ਮਿਲਣੀ ਵਿਚ ਸੱਚ ਬੋਲਿਆ। ਉਹਨਾਂ ਕਿਹਾ ਕਿ ਗੁਲਜ਼ਾਰ ਸਿੰਘ ਚਿੱਟੇ ਦੀ ਵਿਕਰੀ ਤੋਂ ਪ੍ਰੇਸ਼ਾਨ ਸੀ ਕਿਉਂਕਿ ਉਸਦਾ ਆਪਣਾ ਪੁੱਤਰ ਵੀ ਇਸਦਾ ਆਦਿ ਹੋ ਗਿਆ ਸੀ। ਉਹਨਾਂ ਕਿਹਾ ਕਿ ਇਸੇ ਕਾਰਨ ਉਸਨੇ ਚੀਮਾ ਨੂੰ ਉਸਦੇ ਪਿੰਡ ਵਿਚ ਨਸ਼ਾ ਵਿਕਣ ਦਾ ਕਾਰਨ ਪੁੱਛਿਆ ਜੋ ਮੰਤਰੀ ਨੂੰ ਪਸੰਦ ਨਹੀਂ ਆਇਆ।
ਉਹਨਾਂ ਦੱਸਿਆ ਕਿ ਪਿੰਡ ਵਿਚ ਮੰਤਰੀ ਦੇ ਸਾਥੀਆਂ ਨੇ ਗੁਲਜ਼ਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਸੱਚ ਬੋਲਣ ਲਈ ਮੁਆਫੀ ਮੰਗਣ ਵਾਸਤੇ ਦਬਾਅ ਪਾਇਆ। ਉਹਨਾਂ ਕਿਹਾ ਕਿ ਗੁਲਜ਼ਾਰ ਇਸ ਜ਼ਲਾਲਤ ਸਹਿ ਨਹੀਂ ਪਾਇਆ ਤੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਕ ਮਰਨ ਵਾਲੇ ਵਿਅਕਤੀ ਵੱਲੋਂ ਦਿੱਤਾ ਗਿਆ ਬਿਆਨ ਪਵਿੱਤਰ ਹੁੰਦਾ ਹੈ ਤੇ ਸੁਪਰੀਮ ਕੋਰਟ ਦੀਆਂ ਵੀ ਇਸ ਬਾਬਤ ਹਦਾਇਤਾਂ ਸਪਸ਼ਟ ਹਨ। ਉਹਨਾਂ ਕਿਹਾ ਕਿ ਮਰਨ ਵਾਲੇ ਵਿਅਕਤੀ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰਨਾ ਲਾਜ਼ਮੀ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਤੇ ਉਹਨਾਂ ਸਾਰਿਆਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਜਿਸਦਾ ਉਸਨੇ ਮਰਨ ਵੇਲੇ ਨਾਮ ਲਿਆ। ਪੁਲਿਸ ਨੂੰ ਮੁਲਜ਼ਮਾਂ ਦਾ ਬਚਾਅ ਨਹੀਂ ਕਰਨਾ ਚਾਹੀਦਾ।
ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੋਕਾਂ ਨੂੰ ਖੁਦਕੁਸ਼ੀ ਵਰਗੇ ਕਦਮ ਚੁੱਕਣੇ ਪੈ ਰਹੇ ਹਨ। ਉਹਨਾਂ ਕਿਹਾ ਕਿ ਨਸ਼ੇ ਦਾ ਪਸਾਰ ਸਾਰੇ ਹੱਦ ਬੰਨੇ ਟੱਪ ਚੁੱਕਾ ਹੈ। ਉਹਨਾਂ ਕਿਹਾ ਕਿ ਹਾਲਾਤ ਇਹ ਬਣ ਗਈ ਹੈ ਕਿ ਅੱਜ ਸੂਬੇ ਵਿਚ ਨਸ਼ਿਆਂ ਦੀ ਹੋਮ ਡਲੀਵਰੀ ਹੋ ਰਹੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਆਗੂ ਨਸ਼ਾ ਮਾਫੀਆ ਦੀ ਸਰਪ੍ਰਸਤੀ ਕਰ ਰਹੇ ਹਨ ਅਤੇ ਮਹੀਨੇ ਲੈਣ ਬਦਲੇ ਉਹਨਾਂ ਖਿਲਾਫ ਪੁਲਿਸ ਕਾਰਵਾਈਆਂ ਤੋਂ ਉਹਨਾਂ ਦਾ ਬਚਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਨਸ਼ਿਆਂ ਦੀ ਵਰਤੋਂ ਤੇ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।







