ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਦੀ ਪਹਿਲੀ ਪਤਨੀ ਅਦਾਲਤ ਪੁੱਜੀ, ਘਰੋਂ ਕੱਢਣ ਦੇ ਲਾਏ ਦੋਸ਼

Top Trending News ਕੌਮਾਂਤਰੀ

  • ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਦੀ ਪਹਿਲੀ ਪਤਨੀ ਅਦਾਲਤ ਪੁੱਜੀ, ਘਰੋਂ ਕੱਢਣ ਦੇ ਲਾਏ ਦੋਸ਼

ਚੰਡੀਗੜ੍ਹ, 8 ਸਤੰਬਰ (ਦੇਸ਼ ਕਲਿੱਕ ਬਿਊਰੋ): ਭਾਰਤ ਤੋਂ ਪਾਕਿਸਤਾਨ ਗਈ ਪੰਜਾਬੀ ਮਹਿਲਾ ਸਰਬਜੀਤ ਕੌਰ ਨਾਲ ਜੁੜੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਉਸ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਨਾਸਰ ਨੇ ਲਾਹੌਰ ਹਾਈ ਕੋਰਟ ਦਾ ਰੁਖ ਕੀਤਾ ਹੈ। ਸਾਇਮਾ ਨੇ ਨਾਸਿਰ ਹੁਸੈਨ ਅਤੇ ਸਰਬਜੀਤ ਕੌਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਉਸ ਨੂੰ ਚਾਰ ਨਾਬਾਲਗ ਬੱਚਿਆਂ ਸਮੇਤ ਘਰੋਂ ਕੱਢ ਦਿੱਤਾ ਗਿਆ। ਸਾਇਮਾ ਦਾ ਦਾਅਵਾ ਹੈ ਕਿ ਨਾਸਿਰ ਨੇ ਉਸ ਦੀ ਜਾਣਕਾਰੀ ਅਤੇ ਸਹਿਮਤੀ ਤੋਂ ਬਿਨਾਂ ਸਰਬਜੀਤ ਕੌਰ ਨਾਲ ਦੂਜਾ ਨਿਕਾਹ ਕੀਤਾ। ਉਸ ਨੇ ਅਦਾਲਤ ਤੋਂ ਚਾਰਾਂ ਬੱਚਿਆਂ ਲਈ ਮਹੀਨਾਵਾਰ ਗੁਜ਼ਾਰਾ ਭੱਤਾ ਅਤੇ ਰਹਿਣ ਲਈ ਘਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।

ਸਰਬਜੀਤ ’ਤੇ ਘਰ ’ਤੇ ਕਬਜ਼ੇ ਦਾ ਦੋਸ਼
ਸਾਇਮਾ ਮੁਤਾਬਕ, ਸਰਬਜੀਤ ਕੌਰ ਯਾਤਰਾ ਵੀਜ਼ੇ ’ਤੇ ਪਾਕਿਸਤਾਨ ਆਈ ਸੀ ਅਤੇ ਬਾਅਦ ਵਿੱਚ ਉਸ ਦੇ ਘਰ ’ਤੇ ਕਬਜ਼ਾ ਕਰ ਲਿਆ। ਉਸ ਦਾ ਦੋਸ਼ ਹੈ ਕਿ ਉਸ ਨੂੰ ਅਤੇ ਬੱਚਿਆਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦੇ ਕੱਪੜੇ ਵੀ ਬਾਹਰ ਸੁੱਟ ਦਿੱਤੇ ਗਏ। ਸਾਇਮਾ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਕਾਨੂੰਨ ਤਹਿਤ ਦੂਜੇ ਨਿਕਾਹ ਲਈ ਪਹਿਲੀ ਪਤਨੀ ਦੀ ਲਿਖਤੀ ਮਨਜ਼ੂਰੀ ਸਮੇਤ ਕਾਨੂੰਨੀ ਪ੍ਰਕਿਰਿਆ ਦੀ ਵਿਵਸਥਾ ਹੈ। ਅਦਾਲਤ ਨੇ ਨਾਸਿਰ ਹੁਸੈਨ ਨੂੰ ਨੋਟਿਸ ਜਾਰੀ ਕੀਤਾ ਹੈ।

10 ਮਹੀਨਿਆਂ ਤੋਂ ਪਤੀ ਨਾਲ ਸੰਪਰਕ ਨਾ ਹੋਣ ਦਾ ਦਾਅਵਾ
ਸਾਇਮਾ ਨੇ ਕਿਹਾ ਕਿ ਕਰੀਬ 10 ਮਹੀਨਿਆਂ ਤੋਂ ਨਾਸਿਰ ਨੇ ਨਾ ਉਸ ਨਾਲ ਅਤੇ ਨਾ ਹੀ ਬੱਚਿਆਂ ਨਾਲ ਸੰਪਰਕ ਕੀਤਾ ਹੈ। ਉਸ ਦੇ ਮੁਤਾਬਕ, ਇਸ ਦੌਰਾਨ ਬੱਚਿਆਂ ਦੇ ਪਾਲਣ-ਪੋਸ਼ਣ ਲਈ ਕੋਈ ਰਕਮ ਨਹੀਂ ਦਿੱਤੀ ਗਈ ਅਤੇ ਨਾ ਹੀ ਮਹਿਰ ਦੀ ਰਕਮ ਅਦਾ ਕੀਤੀ ਗਈ। ਉਸ ਨੇ ਅਦਾਲਤ ਤੋਂ ਬੱਚਿਆਂ ਦੇ ਗੁਜ਼ਾਰੇ ਅਤੇ ਰਹਿਣ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਹੈ। ਸਾਇਮਾ ਨੇ ਸਰਬਜੀਤ ਅਤੇ ਨਾਸਿਰ ਦੇ ਰਹਿਣ-ਸਹਿਣ ਨੂੰ ਲੈ ਕੇ ਵੀ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਇਸ ਦਾ ਬੱਚਿਆਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਹ ਦੋਸ਼ ਸਾਇਮਾ ਵੱਲੋਂ ਅਦਾਲਤ ਵਿੱਚ ਲਗਾਏ ਗਏ ਹਨ।

ਨਵੰਬਰ 2025 ਵਿੱਚ ਪਾਕਿਸਤਾਨ ਗਈ ਸੀ ਸਰਬਜੀਤ
ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ 2025 ਨੂੰ ਕਰੀਬ 1,900 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ। ਧਾਰਮਿਕ ਯਾਤਰਾ ਮਗਰੋਂ ਉਹ ਭਾਰਤ ਵਾਪਸ ਨਹੀਂ ਆਈ ਅਤੇ ਪਾਕਿਸਤਾਨ ਵਿੱਚ ਹੀ ਰਹਿ ਗਈ। ਕੁਝ ਦਿਨਾਂ ਬਾਅਦ ਸਾਹਮਣੇ ਆਇਆ ਕਿ ਉਸ ਨੇ ਸ਼ੇਖੂਪੁਰਾ ਵਾਸੀ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ। ਨਿਕਾਹ ਤੋਂ ਪਹਿਲਾਂ ਉਸ ਵੱਲੋਂ ਇਸਲਾਮ ਕਬੂਲ ਕਰਨ ਅਤੇ ਨਾਮ ਨੂਰ ਹੁਸੈਨ ਰੱਖਣ ਦੀ ਗੱਲ ਵੀ ਸਾਹਮਣੇ ਆਈ ਸੀ। ਸਰਬਜੀਤ ਨੇ ਕਿਹਾ ਸੀ ਕਿ ਉਹ ਨਾਸਿਰ ਨੂੰ ਕਈ ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਜਾਣਦੀ ਸੀ ਅਤੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ।

ਵੀਜ਼ਾ ਵਿਵਾਦ ਤੋਂ ਲੈ ਕੇ ਅਦਾਲਤੀ ਮਾਮਲੇ ਤੱਕ
ਨਿਕਾਹ ਤੋਂ ਬਾਅਦ ਸਰਬਜੀਤ ਅਤੇ ਨਾਸਿਰ ਨੇ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਪੁਲਿਸ ਉਨ੍ਹਾਂ ’ਤੇ ਵਿਆਹ ਖ਼ਤਮ ਕਰਨ ਲਈ ਦਬਾਅ ਬਣਾ ਰਹੀ ਹੈ। ਅਦਾਲਤ ਨੇ ਪੁਲਿਸ ਨੂੰ ਦੋਵਾਂ ਨੂੰ ਪ੍ਰੇਸ਼ਾਨ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਸ ਤੋਂ ਬਾਅਦ ਸਰਬਜੀਤ ਦੇ ਵੀਜ਼ੇ ਅਤੇ ਪਾਕਿਸਤਾਨ ਵਿੱਚ ਰਹਿਣ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ। ਜਨਵਰੀ 2026 ਵਿੱਚ ਕਥਿਤ ਵੀਜ਼ਾ ਉਲੰਘਣਾ ਸਬੰਧੀ ਮਾਮਲਾ ਵੀ ਅਦਾਲਤ ਵਿੱਚ ਪਹੁੰਚਿਆ। ਇਸ ਦੌਰਾਨ ਸਰਬਜੀਤ ਅਤੇ ਨਾਸਿਰ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਖ਼ਬਰਾਂ ਆਈਆਂ ਅਤੇ ਸਰਬਜੀਤ ਨੂੰ ਵਾਘਾ ਸਰਹੱਦ ਰਾਹੀਂ ਭਾਰਤ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ, ਪਰ ਲਾਹੌਰ ਹਾਈ ਕੋਰਟ ਵਿੱਚ ਮਾਮਲਾ ਚੱਲਣ ਕਾਰਨ ਇਹ ਪ੍ਰਕਿਰਿਆ ਰੁਕ ਗਈ।

ਭਾਰਤੀ ਪਤੀ ਵੀ ਕਰ ਚੁੱਕਾ ਹੈ ਅਦਾਲਤ ਦਾ ਰੁਖ
ਮਾਮਲੇ ਵਿੱਚ ਸਰਬਜੀਤ ਦੇ ਭਾਰਤੀ ਪਤੀ ਕਰਨੈਲ ਸਿੰਘ ਨੇ ਵੀ ਲਾਹੌਰ ਹਾਈ ਕੋਰਟ ਦਾ ਰੁਖ ਕਰਕੇ ਪਾਕਿਸਤਾਨ ਵਿੱਚ ਹੋਏ ਉਸ ਦੇ ਨਿਕਾਹ ਨੂੰ ਚੁਣੌਤੀ ਦਿੱਤੀ ਸੀ। ਅਪ੍ਰੈਲ 2026 ਵਿੱਚ ਅਦਾਲਤ ਨੇ ਕਰਨੈਲ ਸਿੰਘ ਨੂੰ ਮਾਮਲੇ ਨਾਲ ਸਬੰਧਤ ਵਾਧੂ ਦਸਤਾਵੇਜ਼ ਰਿਕਾਰਡ ’ਤੇ ਰੱਖਣ ਦੀ ਇਜਾਜ਼ਤ ਦਿੱਤੀ ਸੀ।