ਭਾਰਤ ਦੇ ਇਸ ਸੂਬੇ ‘ਚ ਆਇਆ ਭਿਆਨਕ ਹੜ੍ਹ, 29 ਲੱਖ ਲੋਕ ਪ੍ਰਭਾਵਿਤ, 20 ਤੋਂ ਵੱਧ ਮੌਤਾਂ
ਪਟਨਾ 8 ਸਤੰਬਰ 2026
ਨੇਪਾਲ ਤੋਂ ਬਾਅਦ ਭਾਰਤ ਦੇ ਬਿਹਾਰ ਸੂਬੇ ਵਿੱਚ ਭਿਆਨਕ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਦਰਿਆਵਾਂ ਦੇ ਵਧੇ ਹੋਏ ਪਾਣੀ ਪੱਧਰ ਕਾਰਨ ਸੂਬੇ ਦੇ 13 ਜ਼ਿਲ੍ਹਿਆਂ ‘ਚ ਵਿਆਪਕ ਤਬਾਹੀ ਹੋਈ ਹੈ। ਹੜ੍ਹ ਨੇ ਹੁਣ ਤੱਕ ਕਰੀਬ 29 ਲੱਖ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ, ਜਦਕਿ 20 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਮੁੱਖ ਮੰਤਰੀ ਸਮ੍ਰਾਟ ਚੌਧਰੀ ਨੇ ਸੋਮਵਾਰ ਨੂੰ ਵੈਸ਼ਾਲੀ ਅਤੇ ਸਾਰਣ ‘ਚ ਰਾਹਤ ਕੈਂਪਾਂ ਦਾ ਦੌਰਾ ਕੀਤਾ ਅਤੇ ਕਮਿਊਨਿਟੀ ਕਿਚਨ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਮੁਤਾਬਕ ਪ੍ਰਭਾਵਿਤ ਜ਼ਿਲ੍ਹਿਆਂ ‘ਚ 190 ਕਮਿਊਨਿਟੀ ਕਿਚਨ ਚਲਾਈਆਂ ਜਾ ਰਹੀਆਂ ਹਨ, ਜਦਕਿ ਰਾਹਤ ਕਾਰਜਾਂ ਲਈ 1,429 ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਗੰਗਾ ਅਤੇ ਕੋਸੀ ਦਰਿਆ ਦੇ ਵਧਦੇ ਪਾਣੀ ਪੱਧਰ ਕਾਰਨ ਭਾਗਲਪੁਰ ਜ਼ਿਲ੍ਹੇ ‘ਚ ਹੜ੍ਹ ਦਾ ਸੰਕਟ ਹੋਰ ਗਹਿਰਾ ਗਿਆ ਹੈ। ਜ਼ਿਲ੍ਹੇ ਦੀਆਂ 56 ਪੰਚਾਇਤਾਂ, 178 ਪਿੰਡ ਅਤੇ 347 ਵਾਰਡ ਪ੍ਰਭਾਵਿਤ ਹੋਏ ਹਨ। ਇੱਥੇ 100 ਸਾਲ ਪੁਰਾਣਾ ਮੰਦਿਰ ਪਾਣੀ ‘ਚ ਵਹਿ ਗਿਆ ਅਤੇ ਕਈ ਘਰ ਤਬਾਹ ਹੋ ਗਏ। ਫਿਲਹਾਲ ਕਰੀਬ 2 ਲੱਖ 17 ਹਜ਼ਾਰ 811 ਲੋਕ ਹੜ੍ਹ ਨਾਲ ਪੀੜਤ ਹਨ।
ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਅਲੰਕ੍ਰਿਤਾ ਪਾਂਡੇ ਨੇ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਨੂੰ ਖਾਣ-ਪੀਣ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।







