Breaking: ਸਾਬਕਾ IAS ਅਫਸਰ ਦੀ ਫਲੈਟ ‘ਚੋਂ ਮਿਲੀ ਲਾਸ਼, ਖੁਦਕੁਸ਼ੀ ਦਾ ਸ਼ੱਕ
ਦਿੱਲੀ ਦੇ ਸਾਬਕਾ ਮੁੱਖ ਸਕੱਤਰ ਰਾਕੇਸ਼ ਮਹਿਤਾ ਦੀ ਨੋਇਡਾ ਸਥਿਤ ਰਿਹਾਇਸ਼ ’ਤੇ ਮੌਤ, ਪੁਲਿਸ ਜਾਂਚ ’ਚ ਜੁਟੀ
ਨੋਇਡਾ 9 ਸਤੰਬਰ 2026
ਸਾਬਕਾ ਦਿੱਲੀ ਮੁੱਖ ਸਕੱਤਰ ਅਤੇ 1975 ਬੈਚ ਦੇ ਆਈਏਐਸ ਅਧਿਕਾਰੀ ਰਾਕੇਸ਼ ਮਹਿਤਾ ਦੀ 6 ਸਤੰਬਰ 2026 ਨੂੰ ਨੋਇਡਾ ਸਥਿਤ ਰਿਹਾਇਸ਼ ’ਤੇ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਮਾਮਲਾ ਖੁਦਕੁਸ਼ੀ ਵਜੋਂ ਜਾਂਚਿਆ ਜਾ ਰਿਹਾ ਹੈ। ਸੈਕਟਰ-82 ਸਥਿਤ ਕੇਂਦਰੀ ਵਿਹਾਰ-2 ਸੋਸਾਇਟੀ ਵਿੱਚ ਘਟਨਾ ਦੀ ਸੂਚਨਾ ਡਾਇਲ-112 ਰਾਹੀਂ ਮਿਲਣ ਤੋਂ ਬਾਅਦ ਫੇਜ਼-2 ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ।
ਪੁਲਿਸ ਅਨੁਸਾਰ ਫਲੈਟ ਅੰਦਰੋਂ ਬੰਦ ਸੀ, ਜਿਸ ਤੋਂ ਬਾਅਦ ਪੁਲਿਸ ਨੇ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਰਾਕੇਸ਼ ਮਹਿਤਾ ਨੂੰ ਮ੍ਰਿਤਕ ਹਾਲਤ ਵਿੱਚ ਬਰਾਮਦ ਕੀਤਾ। ਮੌਕੇ ਤੋਂ ਇੱਕ ਕਥਿਤ ਨੋਟ ਵੀ ਮਿਲਿਆ ਹੈ, ਜਿਸ ਵਿੱਚ ਮਾਨਸਿਕ ਅਤੇ ਸਿਹਤ ਸਬੰਧੀ ਸਮੱਸਿਆਵਾਂ ਦਾ ਜ਼ਿਕਰ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਸਮੇਂ ਉਨ੍ਹਾਂ ਦੀ ਪਤਨੀ ਸੁਮੰਤੀ ਮਹਿਤਾ ਆਪਣੇ ਪੁੱਤਰ ਨੂੰ ਮਿਲਣ ਲਈ ਦੇਹਰਾਦੂਨ ਗਈ ਹੋਈ ਸੀ। ਪਤੀ ਵੱਲੋਂ ਫੋਨ ਦਾ ਜਵਾਬ ਨਾ ਮਿਲਣ ’ਤੇ ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਅਤੇ ਸੋਮਵਾਰ ਨੂੰ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।
ਰਾਕੇਸ਼ ਮਹਿਤਾ ਨੇ ਤਿੰਨ ਦਹਾਕਿਆਂ ਤੋਂ ਵੱਧ ਦੇ ਪ੍ਰਸ਼ਾਸਨਿਕ ਕਰੀਅਰ ਦੌਰਾਨ ਦਿੱਲੀ ਵਿੱਚ ਬਿਜਲੀ ਵੰਡ ਦੇ ਨਿੱਜੀਕਰਨ, ਐੱਮਸੀਡੀ ਸੁਧਾਰਾਂ, ਪ੍ਰਾਪਰਟੀ ਟੈਕਸ ਪ੍ਰਣਾਲੀ ਵਿੱਚ ਤਬਦੀਲੀਆਂ ਅਤੇ ਜਨਤਕ ਆਵਾਜਾਈ ਨਾਲ ਜੁੜੇ ਕਈ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਭੂਮਿਕਾ ਨਿਭਾਈ। ਉਹ 2010 ਕਾਮਨਵੈਲਥ ਗੇਮਜ਼ ਦੌਰਾਨ ਦਿੱਲੀ ਦੇ ਮੁੱਖ ਨੌਕਰਸ਼ਾਹ ਵੀ ਰਹੇ ਸਨ।







