- ਵੱਡੀ ਖ਼ਬਰ: NDPS ਕੇਸ ’ਚ ਪੰਜਾਬੀ ਗਾਇਕ ਵੱਡਾ ਗਰੇਵਾਲ ਬਰੀ
ਮੋਹਾਲੀ, 10 ਸਤੰਬਰ (ਦੇਸ਼ ਕਲਿੱਕ ਬਿਊਰੋ): ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ NDPS ਐਕਟ ਤਹਿਤ ਦਰਜ ਮਾਮਲੇ ਵਿੱਚ ਗਾਇਕ ਗੁਰਿੰਦਰਪਾਲ ਸਿੰਘ ਉਰਫ਼ ਵੱਡਾ ਗਰੇਵਾਲ, ਵਾਸੀ ਕਮੋਮਾਜਰਾ ਕਲਾਂ, ਸੰਗਰੂਰ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਪੇਸ਼ ਕੀਤੇ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਵਿੱਚ ਗੰਭੀਰ ਕਮੀਆਂ ਦੇ ਆਧਾਰ ’ਤੇ ਮੁਲਜ਼ਮ ਨੂੰ ਸ਼ੱਕ ਦਾ ਲਾਭ ਦਿੱਤਾ। ਮਾਮਲੇ ਵਿੱਚ ਸੋਹਾਣਾ ਥਾਣਾ ਪੁਲਿਸ ਵੱਲੋਂ ਅਫੀਮ ਦੀ ਬਰਾਮਦਗੀ ਦਿਖਾ ਕੇ ਕੇਸ ਦਰਜ ਕੀਤਾ ਗਿਆ ਸੀ। ਵੱਡਾ ਗਰੇਵਾਲ ਗਾਇਕ ਐਲੀ ਮਾਂਗਟ ਦਾ ਕਰੀਬੀ ਦੱਸਿਆ ਜਾਂਦਾ ਹੈ। ਉਸ ਨੇ ਐਲੀ ਮਾਂਗਟ ਦੇ ਸਮਰਥਨ ਵਿੱਚ ਯੂਟਿਊਬ ’ਤੇ ਕਈ ਵੀਡੀਓ ਵੀ ਅਪਲੋਡ ਕੀਤੇ ਸਨ।
ਪੁਲਿਸ ’ਤੇ ਰੰਜਿਸ਼ ਦੇ ਦੋਸ਼ ਲਾਏ ਸਨ
ਵੱਡਾ ਗਰੇਵਾਲ ਨੇ ਅਦਾਲਤ ਵਿੱਚ ਦੋਸ਼ ਲਾਇਆ ਸੀ ਕਿ ਐਲੀ ਮਾਂਗਟ ਖ਼ਿਲਾਫ਼ 10 ਸਤੰਬਰ 2019 ਨੂੰ ‘ਰੰਧਾਵਾ ਬ੍ਰਦਰਜ਼’ ਦੀ ਸ਼ਿਕਾਇਤ ’ਤੇ ਕੇਸ ਦਰਜ ਹੋਣ ਤੋਂ ਬਾਅਦ ਉਸ ਨੇ ਐਲੀ ਮਾਂਗਟ ਦੇ ਹੱਕ ਵਿੱਚ ਵੀਡੀਓ ਬਣਾਏ ਸਨ। ਪੁਲਿਸ ਦਾ ਮੰਨਣਾ ਸੀ ਕਿ ਇਨ੍ਹਾਂ ਵੀਡੀਓਜ਼ ਕਾਰਨ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦੇ ਬਾਹਰ ਵੱਡੀ ਭੀੜ ਇਕੱਠੀ ਹੋਈ ਸੀ।
ਵੱਡਾ ਗਰੇਵਾਲ ਨੇ ਦੋਸ਼ ਲਾਇਆ ਸੀ ਕਿ ਇਸੇ ਰੰਜਿਸ਼ ਦੇ ਚਲਦਿਆਂ ਪੁਲਿਸ ਨੇ ਉਸ ਖ਼ਿਲਾਫ਼ ਅਫੀਮ ਦੀ ਝੂਠੀ ਬਰਾਮਦਗੀ ਦਿਖਾ ਕੇ ਮਾਮਲਾ ਦਰਜ ਕੀਤਾ। ਹਾਲਾਂਕਿ ਅਦਾਲਤ ਨੇ ਇਸ ਮਾਮਲੇ ਵਿੱਚ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਵਿੱਚ ਕਮੀਆਂ ਨੂੰ ਦੇਖਦਿਆਂ ਉਸ ਨੂੰ ਬਰੀ ਕਰ ਦਿੱਤਾ।







