Punjab News: ਭਿਆਨਕ ਸੜਕ ਹਾਦਸੇ ‘ਚ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

Top Trending News ਪੰਜਾਬ

 

Punjab News: ਭਿਆਨਕ ਸੜਕ ਹਾਦਸੇ ‘ਚ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

ਸਿਧਵਾਂ ਬੇਟ 10 ਸਤੰਬਰ 2026

ਸਿਧਵਾਂ ਬੇਟ ਤੋਂ ਕਿਸ਼ਨਪੁਰਾ ਵੱਲ ਜਾਣ ਵਾਲੇ ਮਾਰਗ ’ਤੇ ਗੁਰਦੁਆਰਾ ਭੌਰਾ ਸਾਹਿਬ ਦੇ ਨੇੜੇ ਬੁੱਧਵਾਰ ਦੇਰ ਸ਼ਾਮ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਬਾਈਕ ਸਵਾਰ 62 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ 58 ਸਾਲਾ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਇਹ ਹਾਦਸਾ ਥਾਣਾ ਸਿਧਵਾਂ ਬੇਟ ਦੇ ਅਧੀਨ ਆਉਂਦਾ ਹੈ।

ਜਾਣਕਾਰੀ ਅਨੁਸਾਰ ਸਿਧਵਾਂ ਬੇਟ ਨਿਵਾਸੀ ਜਸਵੰਤ ਸਿੰਘ (62) ਆਪਣੀ ਪਤਨੀ ਗੁਰਦੀਪ ਕੌਰ (58) ਨਾਲ ਬਾਈਕ ’ਤੇ ਗੁਰਦੁਆਰਾ ਭੌਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ। ਇਸੇ ਦੌਰਾਨ ਗੁਰਦੁਆਰਾ ਸਾਹਿਬ ਕੋਲ ਪਿੱਛੋਂ ਆ ਰਹੀ ਇੱਕ ਸਕਾਰਪੀਓ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਇੱਕ ਲੜਕੀ ਚਲਾ ਰਹੀ ਸੀ।

ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਸੜਕ ’ਤੇ ਜਾ ਡਿੱਗੇ। ਹਾਦਸੇ ਵਿੱਚ ਜਸਵੰਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ, ਜਦਕਿ ਗੁਰਦੀਪ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।

ਹਾਦਸੇ ਤੋਂ ਬਾਅਦ ਸਕਾਰਪੀਓ ਵਿੱਚ ਸਵਾਰ ਕੁੜੀਆਂ ਨੇ ਮੌਕੇ ਤੋਂ ਭੱਜਣ ਦੀ ਬਜਾਏ ਜ਼ਖ਼ਮੀ ਜੋੜੇ ਨੂੰ ਹਸਪਤਾਲ ਪਹੁੰਚਾਇਆ। ਦੋਵਾਂ ਨੂੰ ਪਹਿਲਾਂ ਜਗਰਾਓਂ ਦੇ ਇੱਕ ਨਿੱਜੀ ਅਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਜਾਂਚ ਤੋਂ ਬਾਅਦ ਜਸਵੰਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਗੰਭੀਰ ਰੂਪ ਵਿੱਚ ਜ਼ਖ਼ਮੀ ਗੁਰਦੀਪ ਕੌਰ ਨੂੰ ਬਿਹਤਰ ਇਲਾਜ ਲਈ ਲੁਧਿਆਣਾ ਰੈਫ਼ਰ ਕੀਤਾ ਗਿਆ।

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਥਾਣਾ ਸਿਧਵਾਂ ਬੇਟ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਸਕਾਰਪੀਓ ਕਾਰ ਤੇ ਉਸ ਦੇ ਚਾਲਕ ਦੀ ਭੂਮਿਕਾ ਸਬੰਧੀ ਜਾਣਕਾਰੀ ਜੁਟਾਈ ਜਾ ਰਹੀ ਹੈ।