- ਤਰਕਸ਼ੀਲਾਂ ਵੱਲੋਂ ਵਿਗਿਆਨਕ ਚੇਤਨਾ ਵਿਕਸਤ ਹਿੱਤ ਸਸਸ ਸਕੂਲ ਬਾਲੀਆਂ ਵਿਖੇ ਤਰਕਸ਼ੀਲ ਸਮਾਗਮ ਹੋਇਆ
- ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ
- ਹਰ ਗੱਲ ਮੰਨਣ ਤੋਂ ਪਹਿਲਾਂ ਪਰਖੋ: ਮਾਸਟਰ ਪਰਮਵੇਦ
ਦਲਜੀਤ ਕੌਰ
ਸੰਗਰੂਰ, 11 ਸਤੰਬਰ, 2026: ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਅਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਵਿਖੇ ਮਾਸਟਰ ਪਰਮਵੇਦ, ਸੀਤਾ ਰਾਮ ਬਾਦਲ ਕਲਾਂ ਤੇ ਪ੍ਰਗਟ ਸਿੰਘ ਬਾਲੀਆਂ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਤਰਕਸ਼ੀਲ ਪ੍ਰੋਗਰਾਮ ਦਿੱਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਦੇਵ ਕੁਮਾਰ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਜਾਣ ਪਛਾਣ ਕਰਵਾਈ ਤੇ ਸਕੂਲ ਵਿੱਚ ਆਉਣ ਦੇ ਮਕਸਦ ਬਾਰੇ ਦੱਸਿਆ ਤੇ ਹਾਜ਼ਰੀਨ ਨੂੰ ਵਿਗਿਆਨਕ ਸੋਚ ਦੇ ਚਾਨਣ ਵਿੱਚ ਆਉਣ ਦਾ ਸੱਦਾ ਦਿੱਤਾ।
ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਤੇ ਸੀਤਾ ਰਾਮ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ- ਭਰਮਾਂ, ਲਾਈਲਗਤਾ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਦੇ ਗੁਣ ਲੜ ਬੰਨ੍ਹ ਕੇ, ਇਮਾਨਦਾਰੀ ਤੇ ਮਿਹਨਤ ਨਾਲ ,ਵਿਗਿਆਨਕ ਜਾਗਰੂਕਤਾ ਵਾਲੇ ਗੁਣ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ। ਮਾਸਟਰ ਪਰਮਵੇਦ ਨੇ ਕਿਸੇ ਗਲ ਨੂੰ ਮੰਨਣ ਤੋਂ ਪਹਿਲਾਂ ਉਸਨੂੰ ਪਰਖਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਲੋਕਾਂ ਅੰਦਰ ਵਿਗਿਆਨਕ ਸੋਚ ਤੇ ਭਾਈਚਾਰਕ ਸਾਂਝ ਦੇ ਪਸਾਰੇ ਨਾਲ ਉਨ੍ਹਾਂ ਦੇ ਦਿਲ ਦਿਮਾਗ਼ ਨੂੰ ਰੁਸ਼ਨਾਉਣਾ ਚਾਹੁੰਦੀ ਹੈ।
ਇਸ ਮੌਕੇ ਤਰਕਸ਼ੀਲਾਂ ਨੇ ਚੇਤਨਾ ਪਰਖ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਵਾਲੇ ਵਿਦਿਆਰਥੀਆਂ , ਸਹਿਯੋਗ ਕਰਨ ਲਈ ਅਧਿਆਪਕਾਂ ਨੂੰ ਸਨਮਾਨ ਪੱਤਰ ਤੇ ਵਿਗਿਆਨਕ ਵਿਚਾਰਾਂ ਵਾਲਾ ਸਾਹਿਤ ਦੇ ਕੇ ਤੇ ਸਕੂਲ ਪ੍ਰਿੰਸੀਪਲ ਹਰਦੇਵ ਕੁਮਾਰ ਨੂੰ੍ਰਇਕਾਈ ਸੰਗਰੂਰ ਦਾ ਹਰ ਪੱਖੋਂ ਸਹਿਯੋਗ ਕਰਨ ਕਰਕੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਅਧਿਆਪਕਾਂ ਨਵਨੀਤ ਕੌਰ, ਰੇਣੂ ਗੁਪਤਾ, ਕਰਮਜੀਤ ਕੌਰ, ਹਰਦੀਪ ਕੌਰ, ਨੀਲ ਕਮਲ, ਸਤਬੀਰ ਕੌਰ, ਜਗਦੀਪ ਕੌਰ, ਲੀਜ਼ਾ ਗਰਗ, ਕਰਮਜੀਤ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਹਰਜੀਤ ਸਿੰਘ, ਕੁਲਜੀਤ ਸਿੰਘ ਕਰਮ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।







