Punjab News: ਨਵਾਂ ਪਿੰਡ ਸਰਦਾਰਾਂ ’ਚ ਦੇਰ ਰਾਤ ਗੋਲੀਆਂ ਚੱਲੀਆਂ, ਧਮਕੀ ਭਰੇ ਫੋਨਾਂ ਮਗਰੋਂ ਪੁਲਿਸ ਜਾਂਚ ‘ਚ ਜੁਟੀ
ਗੁਰਦਾਸਪੁਰ 12 ਸਤੰਬਰ 2026
ਗੁਰਦਾਸਪੁਰ ਨੇੜਲੇ ਪਿੰਡ ਨਵਾਂ ਪਿੰਡ ਸਰਦਾਰਾਂ ਵਿੱਚ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਕਾਰ ਸਵਾਰ ਕੁਝ ਵਿਅਕਤੀਆਂ ਵੱਲੋਂ ਸਾਬਕਾ ਸਰਪੰਚ ਰਜਿੰਦਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਦੇ ਘਰ ਦੇ ਬਾਹਰ ਕਥਿਤ ਤੌਰ ’ਤੇ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ 6-7 ਗੋਲੀਬਾਰੀ ਕੀਤੀ।
ਘਟਨਾ ਦੌਰਾਨ ਪਿੰਡ ਵਾਸੀਆਂ ਵੱਲੋਂ ਹਮਲਾਵਰਾਂ ’ਤੇ ਪੱਥਰਬਾਜ਼ੀ ਕੀਤੇ ਜਾਣ ਤੋਂ ਬਾਅਦ ਉਹ ਦੋ ਵਾਹਨਾਂ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਗੋਲੀਬਾਰੀ ਮਗਰੋਂ ਕੁਝ ਵਿਅਕਤੀ ਵਾਹਨਾਂ ਵਿੱਚ ਜਾਂਦੇ ਦਿਖਾਈ ਦੇ ਰਹੇ ਹਨ। ਪੁਲਿਸ ਨੇ ਮੌਕੇ ਤੋਂ ਤਿੰਨ ਖੋਲ ਬਰਾਮਦ ਕੀਤੇ ਹਨ।
ਪਰਿਵਾਰ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਕੁਲਵਿੰਦਰ ਸਿੰਘ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੇ ਫ਼ੋਨ ਆ ਰਹੇ ਸਨ। ਹਾਲਾਂਕਿ ਪਰਿਵਾਰ ਨੇ ਕਿਸੇ ਨਾਲ ਦੁਸ਼ਮਣੀ ਤੋਂ ਇਨਕਾਰ ਕੀਤਾ ਹੈ।
ਐੱਸਐੱਸਪੀ ਅਦਿੱਤਿਆ ਨੇ ਦੱਸਿਆ ਕਿ ਮਾਮਲਾ ਪੁਲਿਸ ਦੇ ਧਿਆਨ ਵਿੱਚ ਹੈ ਅਤੇ ਮੁੱਢਲੀ ਜਾਂਚ ਦੌਰਾਨ ਇਹ ਨਿੱਜੀ ਰੰਜਿਸ਼ ਦਾ ਮਾਮਲਾ ਜਾਪਦਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।







