- ਵੜਿੰਗ ਨੇ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਤੋਂ ਧਿਆਨ ਭਟਕਾਉਣ ਲਈ ‘ਆਪ’ ਵੱਲੋਂ ਸੀਜੇਪੀ ਦੀ ਵਰਤੋਂ ਕਰਨ ‘ਤੇ ਵਿੰਨ੍ਹਿਆ ਨਿਸ਼ਾਨਾ
- ‘ਆਪ’ ਸ਼ਾਸਨ ਅਧੀਨ ਪੰਜਾਬ ਦੇ ਢਹਿ-ਢੇਰੀ ਹੋ ਚੁੱਕੇ ਸਿੱਖਿਆ ਢਾਂਚੇ ਦੀ ਸ਼ਲਾਘਾ ਕਰਨ ‘ਤੇ ਸੀਜੇਪੀ ਦੇ ਵੱਕਾਰ ‘ਤੇ ਚੁੱਕੇ ਸਵਾਲ
- ਕਿਹਾ, ਅਧਿਆਪਕਾਂ ਦੀਆਂ 18,015 ਅਸਾਮੀਆਂ ਖ਼ਾਲੀ, 1,113 ਸਕੂਲ ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ
ਚੰਡੀਗੜ੍ਹ, 12 ਸਤੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਖ਼ੁਦਕੁਸ਼ੀ ਲਈ ਮਜਬੂਰ ਕੀਤੇ ਗਏ ਗੁਲਜ਼ਾਰ ਸਿੰਘ ਦੇ ਮਾਮਲੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਆਪਣੀ ਪ੍ਰਤਿਨਿਧਤਾ ਕਰ ਰਹੀ, ‘ਕਾਕਰੋਚ ਜਨਤਾ ਪਾਰਟੀ’ ਦੀ ਵਰਤੋਂ ਕੀਤੀ ਹੈ।
ਵੜਿੰਗ ਨੇ ਪੰਜਾਬ ਦੇ ਅਸਫ਼ਲ ਸਿੱਖਿਆ ਢਾਂਚੇ ਦੀ ਤਾਰੀਫ਼ ਕਰਨ ਬਦਲੇ ਸੀਜੇਪੀ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਚੁੱਕੇ, ਜੋ ‘ਆਪ’ ਸਰਕਾਰ ਦੇ ਰਾਜ ਵਿੱਚ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਾ ਹੈ।
ਪੀਸੀਸੀ ਪ੍ਰਧਾਨ ਨੇ ਕਿਹਾ ਕਿ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਸੀਜੇਪੀ ‘ਆਪ’ ਦੀ ਹੀ ਪ੍ਰਤਿਨਿਧਤਾ ਕਰਨ ਵਾਲੀ ਇੱਕ ਪਾਰਟੀ ਹੈ ਅਤੇ ਇਹ ਅਸਿੱਧੇ ਅਤੇ ਸਿੱਧੇ ਤੌਰ ‘ਤੇ ‘ਆਪ’ ਦੇ ਏਜੰਡੇ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ, “ਜਦੋਂ ਪੰਜਾਬ ਦੀ ‘ਆਪ’ ਸਰਕਾਰ ਇੱਕ ਦਲਿਤ, ਗੁਲਜ਼ਾਰ ਸਿੰਘ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਆਪਣੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਬਰਖ਼ਾਸਤ ਕਰਨ ਦੇ ਭਾਰੀ ਦਬਾਅ ਹੇਠ ਸੀ, ਤਾਂ ਉਸਨੇ ਪੰਜਾਬ ਦੇ ਸਕੂਲਾਂ ਦੇ ਅਖੌਤੀ ਆਡਿਟ ਲਈ ਸੀਜੇਪੀ ਕਾਰਕੁਨਾਂ ਨੂੰ ਅੱਗੇ ਲਿਆਂਦਾ।” ਉਨ੍ਹਾਂ ਅੱਗੇ ਕਿਹਾ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਸੀ ਤਾਂ ਜੋ ਲੋਕਾਂ ਦਾ ਧਿਆਨ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਤੋਂ ਹਟ ਕੇ ਸਿੱਖਿਆ ਦੀ ਖ਼ਸਤਾ ਹਾਲਤ ਵੱਲ ਚਲਾ ਜਾਵੇ।
ਉਨ੍ਹਾਂ ਕਿਹਾ ਕਿ ‘ਆਪ’ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਸਦੇ ਅਸਫ਼ਲ ਸਿੱਖਿਆ ਢਾਂਚੇ ਦੀ ਸੀਜੇਪੀ ਵੱਲੋਂ ਕੀਤੀ ਗਈ ਤਾਰੀਫ਼ ਦਾ ਉਲਟਾ ਅਸਰ ਪਵੇਗਾ। ਪਰ ਫਿਰ ਵੀ ਉਨ੍ਹਾਂ ਨੇ ਇਸ ਉਮੀਦ ਵਿੱਚ ਅਜਿਹਾ ਕੀਤਾ ਕਿ ਸ਼ਾਇਦ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਦਾ ਮਾਮਲਾ ਪਿੱਛੇ ਪੈ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ, ਚੀਮਾ ਨੂੰ ਅਸਤੀਫ਼ਾ ਦੇਣਾ ਪਵੇਗਾ ਅਤੇ ਜੇਲ੍ਹ ਜਾਣਾ ਪਵੇਗਾ, ਅਸੀਂ ਇਹ ਯਕੀਨੀ ਬਣਾਵਾਂਗੇ।”
ਸੂਬੇ ਵਿੱਚ ਸਿੱਖਿਆ ਦੀ “ਤਰਸਯੋਗ ਹਾਲਤ” ਦਾ ਜ਼ਿਕਰ ਕਰਦਿਆਂ ਵੜਿੰਗ ਨੇ ਕਿਹਾ ਕਿ ਅਧਿਆਪਕਾਂ ਦੀਆਂ ਮਨਜ਼ੂਰਸ਼ੁਦਾ 1,03,052 ਅਸਾਮੀਆਂ ਵਿੱਚੋਂ 18,015 ਅਸਾਮੀਆਂ ਖ਼ਾਲੀ ਪਈਆਂ ਹਨ, ਜਦਕਿ ਸੂਬੇ ਦੇ 1,927 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 1,113 ਸਕੂਲਾਂ ਵਿੱਚ ਪ੍ਰਿੰਸੀਪਲ ਹੀ ਨਹੀਂ ਹਨ।
ਉਨ੍ਹਾਂ ਕਿਹਾ ਕਿ ਅਧਿਆਪਨ ਅਤੇ ਪ੍ਰਬੰਧਕੀ ਅਮਲੇ ਦੀ ਘਾਟ ਸਿਰਫ਼ ਆਮ ਸਰਕਾਰੀ ਸਕੂਲਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਸਰਕਾਰ ਦੇ ਪ੍ਰਮੁੱਖ ‘ਸਕੂਲਜ਼ ਆਫ਼ ਐਮੀਨੈਂਸ’ ਪ੍ਰੋਗਰਾਮ ਵਿੱਚ ਵੀ ਸਾਫ਼ ਨਜ਼ਰ ਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਦੇ ਸਕੂਲਜ਼ ਆਫ਼ ਐਮੀਨੈਂਸ ਵਿੱਚ 140 ਤੋਂ ਵੱਧ ਸਟਾਫ਼ ਦੀਆਂ ਅਸਾਮੀਆਂ ਖ਼ਾਲੀ ਹਨ, ਜਿਸ ਨਾਲ ਪ੍ਰੋਗਰਾਮ ਤਹਿਤ ਵਧੀਆ ਸਿੱਖਿਆ ਪ੍ਰਦਾਨ ਕਰਨ ਦੇ ਸਰਕਾਰ ਦੇ ਦਾਅਵਿਆਂ ‘ਤੇ ਸਵਾਲ ਖੜ੍ਹੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ‘ਆਪ’ ਦੇ ‘ਸਕੂਲਜ਼ ਆਫ਼ ਐਮੀਨੈਂਸ’ ਅਸਲ ਵਿੱਚ ਪਹਿਲਾਂ ਤੋਂ ਮੌਜੂਦ ਮਾਡਲ ਸਕੂਲ ਹੀ ਹਨ, ਜਿਨ੍ਹਾਂ ਦਾ ‘ਆਪ’ ਨੇ ਸਿਰਫ਼ ਨਾਮ ਬਦਲਿਆ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲੇ ਵਿੱਚ ਆਈ ਕਮੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਭਗ 1.54 ਲੱਖ ਘਟੀ ਹੈ, ਜਦਕਿ ਪ੍ਰਾਈਵੇਟ ਸਕੂਲਾਂ ਵਿੱਚ ਲਗਭਗ 82,000 ਵਿਦਿਆਰਥੀਆਂ ਦਾ ਵਾਧਾ ਦਰਜ ਕੀਤਾ ਗਿਆ ਹੈ।
ਵੜਿੰਗ ਨੇ ਕਿਹਾ ਕਿ ਇਹ ਤਬਦੀਲੀ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਦੇ ਘਟਦੇ ਭਰੋਸੇ ਨੂੰ ਦਰਸਾਉਂਦੀ ਹੈ ਅਤੇ ਸਰਕਾਰੀ ਸਿੱਖਿਆ ਪ੍ਰਣਾਲੀ ਦੇ ਸੁਧਾਰ ਸੰਬੰਧੀ ਸੂਬਾ ਸਰਕਾਰ ਦੇ ਦਾਅਵਿਆਂ ‘ਤੇ ਸਵਾਲ ਖੜ੍ਹੇ ਕਰਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ 2025 ਵਿੱਚ ਚਲਾਈ ਗਈ ਪੜਤਾਲ ਮੁਹਿੰਮ ਦੌਰਾਨ ਲਗਭਗ 70,000 ਫਰਜ਼ੀ ਵਿਦਿਆਰਥੀਆਂ ਦੇ ਦਾਖ਼ਲੇ ਫੜੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਫ਼ਰਜ਼ੀ ਦਾਖ਼ਲਿਆਂ ਦੀ ਵਰਤੋਂ ਮਿਡ-ਡੇ ਮੀਲ ਅਤੇ ਵਜ਼ੀਫ਼ਿਆਂ ਵਰਗੀਆਂ ਸਕੀਮਾਂ ਲਈ ਆਉਣ ਵਾਲੇ ਫ਼ੰਡਾਂ ਦੀ ਹੇਰਾਫੇਰੀ ਕਰਨ ਲਈ ਕੀਤੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਕਈ ਸਰਕਾਰੀ ਸਕੂਲਾਂ ਦੀ ਹਾਲਤ ਅਜੇ ਵੀ ਮਾੜੀ ਬਣੀ ਹੋਈ ਹੈ, ਜਿੱਥੇ ਢੁਕਵੇਂ ਬੁਨਿਆਦੀ ਢਾਂਚੇ, ਸਹੂਲਤਾਂ ਦੀ ਕਮੀ ਅਤੇ ਮੁੱਢਲੇ ਵਸੀਲਿਆਂ ਦੀ ਘਾਟ ਕਾਰਨ ਪੜ੍ਹਾਈ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।







