- ਕੈਨੇਡਾ ਤੋਂ 4 ਪੰਜਾਬੀ ਡਿਪੋਰਟ: ਰੰਗਦਾਰੀ ਤੇ ਸੰਗਠਿਤ ਅਪਰਾਧ ਨਾਲ ਜੁੜੇ ਹੋਣ ਦੇ ਦੋਸ਼
ਚੰਡੀਗੜ੍ਹ, 15 ਸਤੰਬਰ (ਦੇਸ਼ ਕਲਿੱਕ ਬਿਊਰੋ): ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਸੰਗਠਿਤ ਅਪਰਾਧ ਅਤੇ ਰੰਗਦਾਰੀ ਨਾਲ ਜੁੜੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਤੋਂ ਬਾਅਦ ਪੰਜਾਬ ਦੇ 4 ਨਾਗਰਿਕਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। CBSA ਵੱਲੋਂ ਜਾਰੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਡਿਪੋਰਟ ਕੀਤੇ ਗਏ ਵਿਅਕਤੀਆਂ ਦੀ ਪਛਾਣ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਅਤੇ ਸਾਹਿਬਜੋਤ ਸਿੰਘ ਵਜੋਂ ਹੋਈ ਹੈ।
ਕੈਨੇਡੀਅਨ ਅਧਿਕਾਰੀਆਂ ਮੁਤਾਬਕ ਵੱਖ-ਵੱਖ ਅਪਰਾਧਿਕ ਮਾਮਲਿਆਂ ਦੇ ਆਧਾਰ ’ਤੇ ਹੁਣ ਤੱਕ 188 ਰਿਮੂਵਲ ਆਰਡਰ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 111 ਵਿਅਕਤੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ।
ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਤੇਜ਼
ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸਾਂਗਰੀ ਨੇ ਕਿਹਾ ਕਿ ਇਹ ਕਾਰਵਾਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਤਾਲਮੇਲ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।
ਉੱਥੇ ਹੀ CBSA ਦੀ ਪ੍ਰਧਾਨ ਏਰਿਨ ਓਗੋਰਮੈਨ ਨੇ ਦੱਸਿਆ ਕਿ ਰੰਗਦਾਰੀ ਨਾਲ ਸਬੰਧਤ ਮਾਮਲਿਆਂ ਵਿੱਚ ਹੁਣ ਤੱਕ 100 ਤੋਂ ਵੱਧ ਵਿਅਕਤੀਆਂ ਨੂੰ ਕੈਨੇਡਾ ਤੋਂ ਬੇਦਖ਼ਲ ਕੀਤਾ ਜਾ ਚੁੱਕਾ ਹੈ।







