UPI ਅਤੇ RuPay ਡੈਬਿਟ ਕਾਰਡ ਰਾਹੀਂ ਲੈਣ-ਦੇਣ ਸਬੰਧੀ ਵੱਡਾ ਫੈਸਲਾ: 2,000 ਰੁਪਏ ਤੋਂ ਵੱਧ ਦੇ ਲੈਣ-ਦੇਣ ‘ਤੇ ਲੱਗੇਗਾ ਚਾਰਜ, ਜਾਣੋ ਨਵੇਂ ਨਿਯਮ

Top Trending News ਦਿੱਲੀ ਰਾਸ਼ਟਰੀ

 

UPI ਅਤੇ RuPay ਡੈਬਿਟ ਕਾਰਡ ਰਾਹੀਂ ਲੈਣ-ਦੇਣ ਸਬੰਧੀ ਵੱਡਾ ਫੈਸਲਾ: 2,000 ਰੁਪਏ ਤੋਂ ਵੱਧ ਦੇ ਲੈਣ-ਦੇਣ ‘ਤੇ ਲੱਗੇਗਾ ਚਾਰਜ, ਜਾਣੋ ਨਵੇਂ ਨਿਯਮ

ਨਵੀਂ ਦਿੱਲੀ 16 ਸਤੰਬਰ 2026

ਕੇਂਦਰ ਸਰਕਾਰ ਵੱਲੋਂ ਡਿਜੀਟਲ ਪੇਅਮੈਂਟ ਸਬੰਧੀ ਇੱਕ ਅਹਿਮ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਨਾਲ ਯੂ.ਪੀ.ਆਈ. (UPI) ਅਤੇ ਰੂਪੇ (RuPay) ਡੈਬਿਟ ਕਾਰਡ ਰਾਹੀਂ ਹੋਣ ਵਾਲੇ ਲੈਣ-ਦੇਣ ਦੇ ਨਵੇਂ ਨਿਯਮ ਸਪੱਸ਼ਟ ਹੋ ਗਏ ਹਨ। ਵਿੱਤ ਮੰਤਰਾਲੇ ਦੁਆਰਾ ਜਾਰੀ ਇਸ ਨੋਟੀਫਿਕੇਸ਼ਨ ਮੁਤਾਬਕ ਆਮ ਗਾਹਕਾਂ ‘ਤੇ ਇਸ ਦਾ ਕੋਈ ਵਾਧੂ ਬੋਝ ਨਹੀਂ ਪਵੇਗਾ।

ਸਰਕਾਰ ਨੇ ਸਾਫ਼ ਕੀਤਾ ਹੈ ਕਿ 2,000 ਰੁਪਏ ਤੱਕ ਦੀ ਪੇਅਮੈਂਟ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਨਹੀਂ ਲਿਆ ਜਾਵੇਗਾ। ਇਹ ਛੋਟ ਗਾਹਕਾਂ ਅਤੇ ਕਾਰੋਬਾਰੀਆਂ (ਦੁਕਾਨਦਾਰਾਂ) ਦੋਵਾਂ ਲਈ ਲਾਗੂ ਰਹੇਗੀ। ਇਸ ਤੋਂ ਇਲਾਵਾ RuPay ਡੈਬਿਟ ਕਾਰਡ ਰਾਹੀਂ ਕੀਤੀ ਜਾਣ ਵਾਲੀ ਪੇਅਮੈਂਟ ਨੂੰ ਵੀ ਇਸੇ ਮੁਫ਼ਤ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਸ ਨਾਲ ਆਮ ਵਰਤੋਂਕਾਰ ਬਿਨਾਂ ਕਿਸੇ ਚਿੰਤਾ ਦੇ ਡਿਜੀਟਲ ਭੁਗਤਾਨ ਕਰ ਸਕਦੇ ਹਨ।

2,000 ਰੁਪਏ ਤੋਂ ਵੱਧ ਦੇ ਲੈਣ-ਦੇਣ ‘ਤੇ ਲੱਗੇਗਾ ਚਾਰਜ

ਨਵੇਂ ਨਿਯਮਾਂ ਅਨੁਸਾਰ, ਜੇਕਰ UPI ਰਾਹੀਂ 2,000 ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਜਾਂਦਾ ਹੈ, ਤਾਂ ਉਸ ‘ਤੇ 0.4% ਫੀਸ ਲਾਗੂ ਹੋਵੇਗੀ। ਇਸ ਚਾਰਜ ਦੀ ਵੱਧ ਤੋਂ ਵੱਧ ਹੱਦ 300 ਰੁਪਏ ਨਿਸ਼ਚਿਤ ਕੀਤੀ ਗਈ ਹੈ। ਹਾਲਾਂਕਿ, ਇਹ ਰਕਮ ਵੱਖ-ਵੱਖ ਤਰ੍ਹਾਂ ਦੇ ਲੈਣ-ਦੇਣ ਅਤੇ ਇਸ ਦੀ ਕੁੱਲ ਕੀਮਤ ‘ਤੇ ਨਿਰਭਰ ਕਰੇਗੀ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਫੀਸ ਆਮ ਗਾਹਕਾਂ ਦੀ ਜੇਬ ਵਿੱਚੋਂ ਨਹੀਂ ਕੱਟੀ ਜਾਵੇਗੀ। ਵਿੱਤ ਮੰਤਰਾਲੇ ਨੇ ਸਥਿਤੀ ਸਪੱਸ਼ਟ ਕਰਦਿਆਂ ਦੱਸਿਆ ਹੈ ਕਿ ਇਹ ਚਾਰਜ ਸਿਰਫ਼ ਕਾਰੋਬਾਰੀਆਂ (Merchants) ਤੋਂ ਹੀ ਲਿਆ ਜਾਵੇਗਾ।

ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਡਿਜੀਟਲ ਲੈਣ-ਦੇਣ ਦੇ ਢਾਂਚੇ ਵਿੱਚ ਵਧੇਰੇ ਪਾਰਦਰਸ਼ਤਾ ਆਵੇਗੀ ਅਤੇ ਆਮ ਲੋਕਾਂ ਨੂੰ ਰੋਜ਼ਾਨਾ ਦੇ ਛੋਟੇ ਭੁਗਤਾਨਾਂ ‘ਚ ਪੂਰੀ ਰਾਹਤ ਮਿਲੇਗੀ।