ਮੈਂ ਤੁਹਾਡਾ ਮਿੱਤਰ ਕੀੜਾ ਹਾਂ, ਤੁਸੀਂ ਮੇਰੇ ’ਤੇ ਵੀ ਸਪ੍ਰੇ ਕਰ ਦਿੰਦੇ ਹੋ, ਧਰਨੇ ਨਾ ਲਾਓ, ਸਿੱਧੇ ਮੇਰੇ ਕੋਲ ਆਓ – CM ਮਾਨ

Top Trending News ਪੰਜਾਬ

  • ਮੈਂ ਤੁਹਾਡਾ ਮਿੱਤਰ ਕੀੜਾ ਹਾਂ, ਤੁਸੀਂ ਮੇਰੇ ’ਤੇ ਵੀ ਸਪ੍ਰੇ ਕਰ ਦਿੰਦੇ ਹੋ, ਧਰਨੇ ਨਾ ਲਾਓ, ਸਿੱਧੇ ਮੇਰੇ ਕੋਲ ਆਓ – CM ਮਾਨ

ਚੰਡੀਗੜ੍ਹ; 18 ਸਤੰਬਰ (ਦੇਸ਼ ਕਲਿੱਕ ਬਿਊਰੋ): ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵਿੱਚ ਸ਼ੁੱਕਰਵਾਰ ਨੂੰ ਦੋ ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਯੂਨੀਅਨਾਂ ਨੂੰ ਧਰਨੇ ਲਗਾਉਣ ਦੀ ਬਜਾਏ ਸਿੱਧੀ ਗੱਲਬਾਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਕਰਨੀ ਹੋਵੇ ਤਾਂ ਉਹ ਸਿੱਧੇ ਉਨ੍ਹਾਂ ਕੋਲ ਆਉਣ। ਮੁੱਖ ਮੰਤਰੀ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ, “ਮੈਂ ਤੁਹਾਡਾ ਮਿੱਤਰ ਕੀੜਾ ਹਾਂ, ਤੁਸੀਂ ਮੇਰੇ ’ਤੇ ਵੀ ਸਪ੍ਰੇ ਕਰ ਦਿੰਦੇ ਹੋ।” ਉਨ੍ਹਾਂ ਕਿਹਾ ਕਿ ਪਹਿਲਾਂ ਧਰਨਾ ਲਗਾਉਣ ਅਤੇ ਫਿਰ ਮੀਟਿੰਗ ਦੀ ਮੰਗ ਕਰਨ ਦੀ ਬਜਾਏ ਕਿਸਾਨ ਆਗੂ ਸਿੱਧਾ ਸਰਕਾਰ ਨਾਲ ਗੱਲਬਾਤ ਕਰਨ।

ਮਾਨ ਨੇ ਕਿਸਾਨਾਂ ਨੂੰ ਖੇਤੀ ਦੀ ਲਾਗਤ ਘਟਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਿੱਟੀ ਅਤੇ ਫ਼ਸਲਾਂ ਦੀ ਜਾਂਚ ਕਰਵਾਉਣ ਤੋਂ ਬਾਅਦ ਹੀ ਲੋੜ ਮੁਤਾਬਕ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਪਰਾਲੀ ਸਾੜਨ ’ਤੇ ਪਰਚੇ ਨਾ ਕਰਨ ਦੀ ਗੱਲ
ਪਰਾਲੀ ਸਾੜਨ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਮਾਮਲੇ ਵਿੱਚ ਬਦਨਾਮ ਕੀਤਾ ਜਾਵੇਗਾ, ਪਰ ਪੰਜਾਬ ਸਰਕਾਰ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕਰਨ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਇਨਸੈਂਟਿਵ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਇਸ ਲਈ ਇਨਸੈਂਟਿਵ ਦੇਵੇਗੀ।

19 ਸਤੰਬਰ ਨੂੰ ਲੁਧਿਆਣਾ ’ਚ AAP ਦਾ ਚੋਣੀ ਪੈਂਫਲੈਟ
ਇਸ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੀ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਮੁਤਾਬਕ 19 ਸਤੰਬਰ ਨੂੰ ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਚੋਣ ਮੁਹਿੰਮ ਦਾ ਪੈਂਫਲੈਟ ਜਾਰੀ ਕਰਨਗੇ। ਇਸ ਤੋਂ ਬਾਅਦ 20 ਸਤੰਬਰ ਤੋਂ ਸੂਬੇ ਭਰ ਵਿੱਚ ਘਰ-ਘਰ ਪਹੁੰਚ ਮੁਹਿੰਮ ਸ਼ੁਰੂ ਹੋਵੇਗੀ।

AAP ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਮੁਤਾਬਕ ਇਸ ਮੁਹਿੰਮ ਦੀ ਸ਼ੁਰੂਆਤ ਧੂਰੀ ਤੋਂ ਹੋਵੇਗੀ, ਜਿੱਥੇ ਭਗਵੰਤ ਮਾਨ ਖੁਦ ਘਰ-ਘਰ ਜਾ ਕੇ ਮੁਹਿੰਮ ਵਿੱਚ ਹਿੱਸਾ ਲੈਣਗੇ। ਪਾਰਟੀ ਨੇ ਦੱਸਿਆ ਹੈ ਕਿ ਇਸ ਮੁਹਿੰਮ ਵਿੱਚ ਕਰੀਬ 2.68 ਲੱਖ ਬੂਥ ਕਮੇਟੀ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਮੈਂਬਰਸ਼ਿਪ ਮੁਹਿੰਮ ਵੀ ਚਲਾਈ ਜਾਵੇਗੀ।