- ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’: ਸਿਹਤ ਵਿਭਾਗ ਵੱਲੋਂ ਨਰਸਰੀਆਂ ‘ਚ ਨਿਰੀਖਣ
- ਗਮਲਿਆਂ ਵਿਚ ਪਾਣੀ ਜਮ੍ਹਾਂ ਨਾ ਹੋਣ ਦੇਣ ਦੀ ਅਪੀਲ
ਮੋਹਾਲੀ,18 ਸਤੰਬਰ (ਦੇਸ਼ ਕਲਿੱਕ ਬਿਊਰੋ): ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਨਰਸਰੀਆਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਜਾਂਚ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ।
ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਵਿੱਚ ਸੀਨੀਅਰ ਸਿਹਤ ਅਧਿਕਾਰੀਆਂ ਅਤੇ ਫੀਲਡ ਸਟਾਫ਼ ਨੇ ਸਰਗਰਮੀ ਨਾਲ ਹਿੱਸਾ ਲਿਆ। ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਵੀ ਸਿਹਤ ਟੀਮਾਂ ਨਾਲ ਮਿਲ ਕੇ ਜਾਂਚ ਅਤੇ ਜਾਗਰੂਕਤਾ ਗਤੀਵਿਧੀਆਂ ਵਿੱਚ ਸਹਿਯੋਗ ਦਿੱਤਾ।
ਸਿਹਤ ਟੀਮਾਂ ਨੇ ਨਰਸਰੀਆਂ ਵਿੱਚ ਖੜ੍ਹੇ ਪਾਣੀ, ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਅਤੇ ਮੱਛਰਾਂ ਦੇ ਪੈਦਾ ਹੋਣ ਵਾਲੀਆਂ ਸੰਭਾਵੀ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਦਵਾਈ ਦਾ ਛਿੜਕਾਅ ਵੀ ਕੀਤਾ l ਨਰਸਰੀ ਮਾਲਕਾਂ ਅਤੇ ਕਰਮਚਾਰੀਆਂ ਨੂੰ ਡੇਂਗੂ ਤੋਂ ਬਚਾਅ ਲਈ ਪਾਣੀ ਨੂੰ ਖੜ੍ਹਾ ਨਾ ਹੋਣ ਦੇਣ, ਗਮਲਿਆਂ ਅਤੇ ਹੋਰ ਪਾਣੀ ਵਾਲੇ ਭਾਂਡਿਆਂ ਦੀ ਨਿਯਮਤ ਸਫਾਈ ਕਰਨ ਅਤੇ ਮੱਛਰਾਂ ਦੇ ਪੈਦਾ ਹੋਣ ਵਾਲੇ ਸਥਾਨਾਂ ਨੂੰ ਤੁਰੰਤ ਖਤਮ ਕਰਨ ਲਈ ਜਾਗਰੂਕ ਕੀਤਾ ਗਿਆ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਨੂੰ ਆਪਣੇ ਘਰ, ਦੁਕਾਨ, ਦਫ਼ਤਰ ਅਤੇ ਆਲੇ-ਦੁਆਲੇ ਦੀਆਂ ਥਾਵਾਂ ’ਤੇ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਖਤਮ ਕਰਨ। ਉਨ੍ਹਾਂ ਕਿਹਾ ਕਿ
‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ ਕਰੋ ਅਤੇ ਆਪਣਾ ਘਰ ਤੇ ਆਲਾ-ਦੁਆਲਾ ਸਾਫ਼ ਰੱਖੋ l ਜ਼ਿਕਰਯੋਗ ਕਿ ਹੁਣ ਹਰ ਸੋਮਵਾਰ ਨੂੰ ਵੀ ਇਹ ਮੁਹਿੰਮ ਚੱਲ ਰਹੀ ਹੈ l








