HIV ਏਡਜ਼ ਦਾ ਵਧਦਾ ਕਹਿਰ; ਇਸ ਦੇਸ਼ ਦੀ ਸਰਕਾਰ ਨੇ ਐਲਾਨੀ ਕੌਮੀ ਐਮਰਜੈਂਸੀ
ਸੁਵਾ 19 ਸਤੰਬਰ 2026
ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਮੇਲਾਨੇਸ਼ੀਆ ਖੇਤਰ ਵਿੱਚ ਸਥਿਤ ਟਾਪੂ ਦੇਸ਼ ਫਿਜੀ ਵਿੱਚ ਐੱਚਆਈਵੀ/ਏਡਜ਼ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਕਾਰਨ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਬਿਮਾਰੀ ਦੇ ਵਧਦੇ ਪ੍ਰਕੋਪ ਨਾਲ ਮੌਤਾਂ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਰਕਾਰ ਨੇ ਕੌਮਾਂਤਰੀ ਭਾਈਚਾਰੇ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ।
ਫਿਜੀ ਦੇ ਕੇਂਦਰੀ ਸਿਹਤ ਮੰਤਰੀ ਐਂਟੋਨੀਓ ਲਾਲਾਬਾਲਾਵੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਫਿਜੀ ਦੀ ਆਬਾਦੀ ਲਗਭਗ 9 ਲੱਖ ਹੈ ਅਤੇ ਕਰੀਬ 9,100 ਲੋਕ ਐੱਚਆਈਵੀ ਨਾਲ ਪੀੜਤ ਹਨ।
ਸਿਹਤ ਵਿਭਾਗ ਮੁਤਾਬਕ ਬਿਮਾਰੀ ਦਾ ਫੈਲਾਅ ਚਿੰਤਾਜਨਕ ਰੂਪ ਧਾਰ ਰਿਹਾ ਹੈ ਅਤੇ ਇਸ ਦਾ ਅਸਰ ਬੱਚਿਆਂ ਤੇ ਨਵਜੰਮੇ ਬੱਚਿਆਂ ਤੱਕ ਵੀ ਪਹੁੰਚ ਰਿਹਾ ਹੈ। ਇਸ ਕਾਰਨ ਬਾਲ ਮੌਤ ਦਰ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਸਰਕਾਰ ਨੇ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਸਿਹਤ ਸਹੂਲਤਾਂ, ਇਲਾਜ ਅਤੇ ਰੋਕਥਾਮ ਦੇ ਉਪਾਅ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਕੌਮਾਂਤਰੀ ਪੱਧਰ ’ਤੇ ਵਿੱਤੀ ਅਤੇ ਤਕਨੀਕੀ ਸਹਾਇਤਾ ਦੀ ਮੰਗ ਕੀਤੀ ਗਈ ਹੈ।








