ਪਿਤਾ ਨੇ ਹੀ ਪੁੱਤਰ ਨੂੰ ਕਰਵਾਇਆ ਅਗਵਾ, ਪੁਲਿਸ ਨੂੰ ਦੱਸੀ ਝੂਠੀ ਕਹਾਣੀ

Top Trending News ਪੰਜਾਬ

  • ਪਿਤਾ ਨੇ ਹੀ ਪੁੱਤਰ ਨੂੰ ਕਰਵਾਇਆ ਅਗਵਾ, ਪੁਲਿਸ ਨੂੰ ਦੱਸੀ ਝੂਠੀ ਕਹਾਣੀ
  • ਪੁੱਤਰ ਨੂੰ ਕਾਰ ਸਮੇਤ ਬਰਾਮਦ ਕਰਕੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ
  • ਵਿਰੋਧੀਆਂ ਨੂੰ ਫਸਾਉਣ ਲਈ ਰਚੀ ਸਾਜ਼ਿਸ਼

ਨਕੋਦਰ: 19 ਸਤੰਬਰ (ਦੇਸ਼ ਕਲਿੱਕ ਬਿਊਰੋ): ਜਲੰਧਰ ਦੇ ਨਕੋਦਰ ਵਿੱਚ ਇੱਕ ਪਿਤਾ ਵੱਲੋਂ ਆਪਣੇ ਹੀ ਪੁੱਤਰ ਨੂੰ ਅਗਵਾ ਕਰਵਾਉਣ ਅਤੇ ਪੁਲਿਸ ਨੂੰ ਝੂਠੀ ਕਹਾਣੀ ਦੱਸਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜਾਂਚ ਦੌਰਾਨ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਅਗਵਾ ਦੱਸੇ ਜਾ ਰਹੇ ਨੌਜਵਾਨ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਇਸ ਮਾਮਲੇ ਵਿੱਚ ਪਿਤਾ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇੱਕ ਸਵਿਫਟ ਕਾਰ ਵੀ ਜ਼ਬਤ ਕੀਤੀ ਹੈ। ਨਕੋਦਰ ਸਿਟੀ ਪੁਲਿਸ ਨੂੰ ਨੌਜਵਾਨ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪੁੱਤਰ ਨੂੰ ਸਿਵਲ ਹਸਪਤਾਲ ਤੋਂ ਕੁਝ ਅਣਪਛਾਤੇ ਵਿਅਕਤੀ ਅਗਵਾ ਕਰਕੇ ਲੈ ਗਏ ਹਨ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ।

22 ਜੁਲਾਈ ਨੂੰ ਹੋਈ ਸੀ ਘਟਨਾ
ਡੀਐੱਸਪੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ 22 ਜੁਲਾਈ ਨੂੰ ਨੂਰਮਹਿਲ ਦੇ ਪਿੰਡ ਬੁੰਡਾਲਾ ਵਾਸੀ ਮਾਮ ਹੁਸੈਨ ਨਾਲ ਸੁੰਨੜ ਕਲਾਂ ਨੇੜੇ ਇੱਕ ਇੱਟਾਂ ਦੇ ਭੱਠੇ ਕੋਲ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸੇ ਰਾਤ ਹਸਪਤਾਲ ਤੋਂ ਮਾਮ ਹੁਸੈਨ ਦੇ ਅਗਵਾ ਹੋਣ ਦੀ ਗੱਲ ਸਾਹਮਣੇ ਆਈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ’ਤੇ ਥਾਣਾ ਸਿਟੀ ਨਕੋਦਰ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 140(3) ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਗਿਆ।

ਵਿਰੋਧੀਆਂ ਨੂੰ ਫਸਾਉਣ ਲਈ ਰਚੀ ਸਾਜ਼ਿਸ਼
ਐੱਸਪੀ ਵਿਨੀਤ ਅਹਲਾਵਤ ਅਤੇ ਡੀਐੱਸਪੀ ਓਂਕਾਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਦਵਿੰਦਰ ਕੁਮਾਰ ਨੇ ਜਾਂਚ ਕੀਤੀ। ਤਕਨੀਕੀ ਜਾਂਚ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਪੁਲਿਸ ਨੂੰ ਪਤਾ ਲੱਗਾ ਕਿ ਮਾਮ ਹੁਸੈਨ ਨੂੰ ਅਗਵਾ ਨਹੀਂ ਕੀਤਾ ਗਿਆ ਸੀ, ਸਗੋਂ ਉਸ ਦੇ ਪਿਤਾ ਲਾਲ ਹੁਸੈਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਸੀ। ਪੁਲਿਸ ਮੁਤਾਬਕ 23 ਜੁਲਾਈ ਦੀ ਰਾਤ ਕਰੀਬ 2 ਵਜੇ ਲਾਲ ਹੁਸੈਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਮ ਹੁਸੈਨ ਨੂੰ ਸਵਿਫਟ ਕਾਰ ਨੰਬਰ PB 47-E-9200 ਵਿੱਚ ਬਿਠਾਇਆ ਅਤੇ ਉਸ ਨੂੰ ਵੱਖ-ਵੱਖ ਥਾਵਾਂ ’ਤੇ ਲੁਕਾ ਕੇ ਰੱਖਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸਭ ਵਿਰੋਧੀਆਂ ਨੂੰ ਫਸਾਉਣ ਦੇ ਮਕਸਦ ਨਾਲ ਕੀਤਾ ਗਿਆ।

ਪੁਲਿਸ ਅਨੁਸਾਰ ਪਿਤਾ ਖੁਦ ਪੁਲਿਸ ਕੋਲ ਪਹੁੰਚ ਕੇ ਪੁੱਤਰ ਨੂੰ ਲੱਭਣ ਦੀ ਮੰਗ ਕਰਦਾ ਰਿਹਾ ਅਤੇ ਜਾਂਚ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਯੋਜਨਾ ਤਹਿਤ ਕਾਰਵਾਈ ਕਰਦਿਆਂ ਮਾਮ ਹੁਸੈਨ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਸਵਿਫਟ ਕਾਰ ਵੀ ਜ਼ਬਤ ਕਰ ਲਈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਲਾਲ ਹੁਸੈਨ (ਪਿਤਾ), ਯਾਕੂਬ ਅਲੀ (ਭਰਾ) ਅਤੇ ਸੈਫ ਅਲੀ (ਦੋਸਤ) ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।