ਟੀਮ ਇੰਡੀਆ ਤੋਂ T20 ਵਿੱਚ ਨੰਬਰ-1 ਦਾ ਤਾਜ ਖੁੱਸਿਆ

Top Trending News ਖੇਡਾਂ

  • ਟੀਮ ਇੰਡੀਆ ਤੋਂ T20 ਵਿੱਚ ਨੰਬਰ-1 ਦਾ ਤਾਜ ਖੁੱਸਿਆ
  • ਸ਼੍ਰੀਲੰਕਾ ਨੂੰ 3-0 ਨਾਲ ਕਲੀਨ ਸਵੀਪ ਕਰਕੇ ਇੰਗਲੈਂਡ ਮੁੜ ਬਣਿਆ ਨੰਬਰ-1

ਨਵੀਂ ਦਿੱਲੀ, 20 ਸਤੰਬਰ (ਦੇਸ਼ ਕਲਿੱਕ ਬਿਊਰੋ): ਇੰਗਲੈਂਡ ਨੇ 55 ਦਿਨ ਬਾਅਦ ਭਾਰਤ ਤੋਂ T20I ਦੀ ਨੰਬਰ-1 ਰੈਂਕਿੰਗ ਮੁੜ ਹਾਸਲ ਕਰ ਲਈ ਹੈ। ਇੰਗਲੈਂਡ ਨੇ ਮੈਨਚੈਸਟਰ ਵਿੱਚ ਸ਼੍ਰੀਲੰਕਾ ਨੂੰ ਤੀਜੇ T20I ਮੈਚ ਵਿੱਚ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਆਪਣੇ ਨਾਮ ਕਰ ਲਈ।

ਸ਼੍ਰੀਲੰਕਾ ਵੱਲੋਂ ਦਿੱਤੇ 124 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ ਸਿਰਫ਼ 9.4 ਓਵਰਾਂ ਵਿੱਚ 2 ਵਿਕਟਾਂ ਗੁਆ ਕੇ 126 ਦੌੜਾਂ ਬਣਾਉਂਦਿਆਂ ਹਾਸਲ ਕਰ ਲਿਆ। ਇੰਗਲੈਂਡ ਨੇ 62 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ। ਇਹ 120 ਤੋਂ ਵੱਧ ਦੌੜਾਂ ਦੇ ਟੀਚੇ ਦਾ T20I ਕ੍ਰਿਕਟ ਵਿੱਚ ਸਭ ਤੋਂ ਤੇਜ਼ ਪਿੱਛਾ ਦੱਸਿਆ ਜਾ ਰਿਹਾ ਹੈ।

26 ਜੁਲਾਈ ਨੂੰ ਭਾਰਤ ਨੇ ਹਾਸਲ ਕੀਤੀ ਸੀ ਨੰਬਰ-1 ਰੈਂਕਿੰਗ
ਇੰਗਲੈਂਡ ਨੇ 11 ਜੁਲਾਈ ਨੂੰ ਭਾਰਤ ਨੂੰ 4-0 ਨਾਲ ਹਰਾਉਣ ਤੋਂ ਬਾਅਦ T20I ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ ਸੀ। ਇਸ ਤੋਂ ਬਾਅਦ ਭਾਰਤ ਨੇ 26 ਜੁਲਾਈ ਨੂੰ ਜ਼ਿੰਬਾਬਵੇ ਖ਼ਿਲਾਫ਼ ਸੀਰੀਜ਼ ਵਿੱਚ 2-0 ਦੀ ਬੜ੍ਹਤ ਬਣਾਉਂਦਿਆਂ ਨੰਬਰ-1 ਸਥਾਨ ਮੁੜ ਹਾਸਲ ਕਰ ਲਿਆ ਸੀ।

ਹੁਣ 19 ਸਤੰਬਰ ਨੂੰ ਇੰਗਲੈਂਡ ਨੇ ਸ਼੍ਰੀਲੰਕਾ ਨੂੰ 3-0 ਨਾਲ ਕਲੀਨ ਸਵੀਪ ਕਰਕੇ 55 ਦਿਨ ਬਾਅਦ T20I ਰੈਂਕਿੰਗ ਵਿੱਚ ਨੰਬਰ-1 ਸਥਾਨ ਮੁੜ ਆਪਣੇ ਨਾਮ ਕਰ ਲਿਆ ਹੈ।