ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਅੱਜ ਵੋਟਿੰਗ, 6.25 ਲੱਖ ਤੋਂ ਵੱਧ ਗ੍ਰੈਜੂਏਟ ਵੋਟਰ ਪਾਉਣਗੇ ਵੋਟ

Top Trending News ਚੰਡੀਗੜ੍ਹ ਪੰਜਾਬ

 

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਅੱਜ ਵੋਟਿੰਗ, 6.25 ਲੱਖ ਤੋਂ ਵੱਧ ਗ੍ਰੈਜੂਏਟ ਵੋਟਰ ਪਾਉਣਗੇ ਵੋਟ

ਚੰਡੀਗੜ੍ਹ, 20 ਸਤੰਬਰ 2026

ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਦੇ ਰਜਿਸਟਰਡ ਗ੍ਰੈਜੂਏਟ ਹਲਕੇ ਲਈ ਅੱਜ 20 ਸਤੰਬਰ ਨੂੰ ਵੋਟਾਂ ਪੈਣਗੀਆਂ। ਚੋਣ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਯੂਨੀਵਰਸਿਟੀ ਦੀ ਅਧਿਕਾਰਤ ਚੋਣ ਵੈੱਬਸਾਈਟ ’ਤੇ 20 ਸਤੰਬਰ ਦੀ ਪੋਲਿੰਗ ਅਤੇ 23 ਸਤੰਬਰ ਨੂੰ ਗਿਣਤੀ ਸਬੰਧੀ ਸੂਚਨਾਵਾਂ ਜਾਰੀ ਕੀਤੀਆਂ ਗਈਆਂ ਹਨ।

ਇਸ ਚੋਣ ਵਿੱਚ ਸੈਨੇਟ ਦੀਆਂ 15 ਸੀਟਾਂ ਲਈ ਕੁੱਲ 51 ਉਮੀਦਵਾਰ ਮੈਦਾਨ ਵਿੱਚ ਹਨ, ਜਦਕਿ 6,25,784 ਰਜਿਸਟਰਡ ਗ੍ਰੈਜੂਏਟ ਵੋਟਰ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕਰਨਗੇ।

ਪੰਜਾਬ ਸਮੇਤ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਦਿੱਲੀ ਅਤੇ ਜੰਮੂ-ਕਸ਼ਮੀਰ ਵਿੱਚ ਕੁੱਲ 271 ਮਤਦਾਨ ਕੇਂਦਰ ਬਣਾਏ ਗਏ ਹਨ। ਚੰਡੀਗੜ੍ਹ ਵਿੱਚ 33 ਕੇਂਦਰਾਂ ’ਤੇ ਵੋਟਿੰਗ ਹੋਵੇਗੀ। ਮਤਦਾਨ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।

ਚੋਣ ਅਮਲੇ ਨੂੰ ਲੋੜੀਂਦੀ ਸਮੱਗਰੀ ਸਮੇਤ ਮਤਦਾਨ ਕੇਂਦਰਾਂ ਲਈ ਰਵਾਨਾ ਕੀਤਾ ਗਿਆ ਹੈ। ਸੈਨਿਕ ਜਵਾਨਾਂ ਲਈ ਡਾਕ ਰਾਹੀਂ ਬੈਲਟ ਪੇਪਰ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ। ਵੋਟਾਂ ਦੀ ਗਿਣਤੀ 23 ਸਤੰਬਰ ਨੂੰ ਸਵੇਰੇ 9:30 ਵਜੇ ਪੰਜਾਬ ਯੂਨੀਵਰਸਿਟੀ ਵਿਖੇ ਸ਼ੁਰੂ ਹੋਵੇਗੀ।