ਅਮਨ ਅਰੋੜਾ ਦਾ ਵੱਡਾ ਦਾਅਵਾ! ‘ਜੱਗਾ’ ਖ਼ੁਦ ਨਸ਼ਾ ਤਸਕਰੀ ਵਿੱਚ ਸ਼ਾਮਲ ਰਿਹੈ- ਵਿਰੋਧੀਆਂ ’ਤੇ ਲਾਏ ਸਿਆਸੀ ਲਾਹਾ ਲੈਣ ਦੇ ਦੋਸ਼
ਸੰਗਰੂਰ, 21 ਸਤੰਬਰ 2026- ਸੰਗਰੂਰ ਵਿੱਚ ਡੀਸੀ ਦਫ਼ਤਰ ਦੇ ਬਾਹਰ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜਗਸੀਰ ਸਿੰਘ ਜੱਗਾ ਦੇ ਮਾਮਲੇ ਨੇ ਨਵਾਂ ਸਿਆਸੀ ਮੋੜ ਲੈ ਲਿਆ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ’ਤੇ ਸਿਆਸੀ ਲਾਹਾ ਲੈਣ ਦੇ ਦੋਸ਼ ਲਗਾਏ ਹਨ।
ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਜਗਸੀਰ ਸਿੰਘ ਨੂੰ ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਵਿਅਕਤੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਦੇ ਅਨੁਸਾਰ ਜੱਗਾ ਖ਼ੁਦ ਨਸ਼ਾ ਤਸਕਰੀ ਵਿੱਚ ਸ਼ਾਮਲ ਰਿਹਾ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਉਸ ਨੂੰ ਪਿੰਡ ਵਿੱਚ ‘ਜੱਗਾ ਬਲੈਕੀਆ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਬਿਆਨਬਾਜ਼ੀ ਕਰ ਰਹੀਆਂ ਹਨ ਅਤੇ ਮਾਮਲੇ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ, ਜਗਸੀਰ ਸਿੰਘ ਖ਼ਿਲਾਫ਼ ਲਗਾਏ ਗਏ ਇਨ੍ਹਾਂ ਦੋਸ਼ਾਂ ਸਬੰਧੀ ਅਧਿਕਾਰਤ ਜਾਂਚ ਜਾਂ ਪੁਲਿਸ ਰਿਕਾਰਡ ਦੀ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।








