- ਕਰਤਾਰਪੁਰ ਕੌਰੀਡੋਰ: ਦਰਸ਼ਨ ਸਥਲ ਤੋਂ ਪਹਿਲਾਂ BSF ਨੇ ਸੰਗਤ ਨੂੰ ਰੋਕਿਆ, ਜ਼ਮੀਨ ’ਤੇ ਬੈਠ ਕੇ ਜਥੇਦਾਰ ਨੇ ਕੀਤਾ ਰਹਿਰਾਸ ਸਾਹਿਬ ਦਾ ਪਾਠ
ਡੇਰਾ ਬਾਬਾ ਨਾਨਕ: 21 ਸਤੰਬਰ (ਦੇਸ਼ ਕਲਿੱਕ ਬਿਊਰੋ): ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਜਲਦ ਖੋਲ੍ਹਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਜ਼ੀਰੋ ਲਾਈਨ ’ਤੇ ਅਰਦਾਸ ਕਰਨ ਦੀ ਯੋਜਨਾ ਸੀ। ਇਸ ਦੌਰਾਨ ਭਾਰਤ ਵਾਲੇ ਪਾਸੇ ਜ਼ੀਰੋ ਲਾਈਨ ਤੋਂ ਪਹਿਲਾਂ BSF ਨੇ ਸੰਗਤ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ’ਤੇ ਸੰਗਤ ਵਿੱਚ ਨਾਰਾਜ਼ਗੀ ਵੇਖਣ ਨੂੰ ਮਿਲੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਨਗਰ ਕੀਰਤਨ ਲਿਆਂਦਾ ਗਿਆ। ਨਗਰ ਕੀਰਤਨ ਨੇ ਭਾਰਤੀ ਸਮੇਂ ਮੁਤਾਬਕ ਸ਼ਾਮ 5:30 ਵਜੇ ਜ਼ੀਰੋ ਲਾਈਨ ’ਤੇ ਪਹੁੰਚਣਾ ਸੀ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਡੇਰਾ ਬਾਬਾ ਨਾਨਕ ਸਥਿਤ ਜ਼ੀਰੋ ਲਾਈਨ ’ਤੇ ਅਰਦਾਸ ਲਈ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਸੀ।
ਜ਼ੀਰੋ ਲਾਈਨ ਤੋਂ ਪਹਿਲਾਂ ਰੋਕੇ ਜਾਣ ’ਤੇ ਜ਼ਮੀਨ ’ਤੇ ਬੈਠੇ ਜਥੇਦਾਰ
ਜਥੇਦਾਰ ਸਾਹਿਬ ਨੇ ਦਰਸ਼ਨ ਸਥਲ ’ਤੇ ਅਰਦਾਸ ਕਰਨ ਦੀ ਗੱਲ ਕਹੀ ਅਤੇ ਦੱਸਿਆ ਕਿ ਸਿਰਫ਼ ਪੰਜ ਸਿੰਘ ਅਰਦਾਸ ਕਰਨਗੇ। ਹਾਲਾਂਕਿ BSF ਵੱਲੋਂ ਉਨ੍ਹਾਂ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ। ਇਸ ਤੋਂ ਬਾਅਦ ਜਥੇਦਾਰ ਸਾਹਿਬ ਦਰਸ਼ਨ ਸਥਲ ਤੋਂ ਪਹਿਲਾਂ ਹੀ ਜ਼ਮੀਨ ’ਤੇ ਬੈਠ ਗਏ ਅਤੇ ਉੱਥੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ਸੰਗਤ ਅਤੇ ਜਥੇਦਾਰ ਨੂੰ ਜ਼ੀਰੋ ਲਾਈਨ ਵੱਲ ਜਾਣ ਤੋਂ ਰੋਕੇ ਜਾਣ ’ਤੇ ਜਥੇਦਾਰ ਸਾਹਿਬ ਨੇ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਸੰਗਤ ਸਿਰਫ਼ ਅਰਦਾਸ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਭਾਵਨਾ ਨਾਲ ਪਹੁੰਚੀ ਸੀ। ਆਮ ਸੰਗਤ ਅਤੇ ਬੱਚਿਆਂ ਨੂੰ ਇਸ ਤਰ੍ਹਾਂ ਰੋਕਣਾ ਦੁਖਦਾਈ ਹੈ।
‘VIP ਲੋਕਾਂ ਨੂੰ ਇਜਾਜ਼ਤ ਤਾਂ ਆਮ ਸੰਗਤ ਨੂੰ ਕਿਉਂ ਨਹੀਂ’
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਵਾਲ ਕੀਤਾ ਕਿ ਜੇਕਰ VIP ਲੋਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਆਮ ਸੰਗਤ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਦਿਲਾਂ ਵਿੱਚ ਵੱਸਦੇ ਹਨ ਅਤੇ ਦਿਲਾਂ ਦੇ ਰਿਸ਼ਤੇ ਕੰਧਾਂ ਨਾਲ ਨਹੀਂ ਟੁੱਟ ਸਕਦੇ। ਉਨ੍ਹਾਂ ਕੇਂਦਰ ਸਰਕਾਰ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਸਮਝਣ ਅਤੇ ਸੰਗਤ ਨਾਲ ਬਰਾਬਰ ਦੇ ਨਾਗਰਿਕਾਂ ਵਾਂਗ ਵਿਵਹਾਰ ਕਰਨ ਦੀ ਅਪੀਲ ਕੀਤੀ। ਜਥੇਦਾਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਕੇਂਦਰ ਸਰਕਾਰ ਅਤੇ ਸਬੰਧਤ ਵਿਭਾਗਾਂ ਨਾਲ ਪੱਤਰ ਵਿਹਾਰ ਕੀਤਾ ਜਾਵੇਗਾ ਅਤੇ ਸੰਗਤ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਥਾਈ ਹੱਲ ਦੀ ਮੰਗ ਕੀਤੀ ਜਾਵੇਗੀ।
ਕੌਰੀਡੋਰ ਜਲਦ ਖੋਲ੍ਹਣ ਲਈ ਹੋਣੀ ਸੀ ਅਰਦਾਸ
ਜ਼ੀਰੋ ਲਾਈਨ ’ਤੇ ਰਹਿਰਾਸ ਸਾਹਿਬ ਦੇ ਪਾਠ, ਗੁਰਬਾਣੀ ਕੀਰਤਨ ਅਤੇ ਆਰਤੀ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਦੇ ਸਨਮੁਖ ਕੌਰੀਡੋਰ ਜਲਦ ਖੋਲ੍ਹਣ ਲਈ ਅਰਦਾਸ ਕਰਨ ਦੀ ਯੋਜਨਾ ਸੀ। ਦੋਵਾਂ ਪਾਸਿਆਂ ਦੀ ਸਿੱਖ ਸੰਗਤ ਵੱਲੋਂ ਆਪੋ-ਆਪਣੇ ਹਿੱਸੇ ਵਿੱਚ ਰਹਿਰਾਸ ਸਾਹਿਬ, ਆਰਤੀ ਅਤੇ ਸ਼ਬਦ ਕੀਰਤਨ ਮਗਰੋਂ ਕੌਰੀਡੋਰ ਮੁੜ ਖੋਲ੍ਹਣ ਲਈ ਅਰਦਾਸ ਕੀਤੀ ਜਾਣੀ ਸੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੇਰਾ ਬਾਬਾ ਨਾਨਕ ਅਤੇ ਸਰਹੱਦੀ ਖੇਤਰ ਦੀ ਸੰਗਤ ਨੂੰ ਸੋਮਵਾਰ ਸ਼ਾਮ 5:30 ਵਜੇ ਜ਼ੀਰੋ ਲਾਈਨ ਨੇੜੇ ਪਹੁੰਚ ਕੇ ਧਾਰਮਿਕ ਸਮਾਗਮ ਅਤੇ ਅਰਦਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਅਰਦਾਸ ਰਾਹੀਂ ਇਹ ਮੰਗ ਕੀਤੀ ਜਾਵੇਗੀ ਕਿ ਕੌਰੀਡੋਰ ਜਲਦ ਖੋਲ੍ਹਿਆ ਜਾਵੇ, ਤਾਂ ਜੋ ਸੰਗਤ ਪਹਿਲਾਂ ਵਾਂਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ।








