‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਦਾ ਦੇਹਾਂਤ
ਜਲੰਧਰ 21 ਸਤੰਬਰ 2026
‘ਨਵਾਂ ਜ਼ਮਾਨਾ’ ਦੇ ਸੰਪਾਦਕ, ਉੱਘੇ ਪੱਤਰਕਾਰ, ਲੇਖਕ ਅਤੇ ਚਿੰਤਕ ਚੰਦ ਫਤਿਹਪੁਰੀ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਐਤਵਾਰ ਰਾਤ ਕਰੀਬ 8 ਵਜੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ।
ਚੰਦ ਫਤਿਹਪੁਰੀ ਪੰਜਾਬ ਦੇ ਪ੍ਰਮੁੱਖ ਖੱਬੇ ਪੱਖੀ ਆਗੂਆਂ ਵਿੱਚੋਂ ਇੱਕ ਸਨ। ਉਹ ਲੰਮੇ ਸਮੇਂ ਤੋਂ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨਾਲ ਜੁੜੇ ਰਹੇ ਅਤੇ ਪੰਜਾਬ ਦੀ ਸਿਆਸੀ ਤੇ ਸਮਾਜਿਕ ਸਰਗਰਮੀ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ। 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਸੀਪੀਆਈ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ।
ਉਹ ਸਮਾਜਿਕ, ਆਰਥਿਕ ਅਤੇ ਸਿਆਸੀ ਮਸਲਿਆਂ ਬਾਰੇ ਨਿਯਮਿਤ ਤੌਰ ’ਤੇ ਲੇਖ ਲਿਖਦੇ ਸਨ। ਉਨ੍ਹਾਂ ਦੀਆਂ ਲਿਖਤਾਂ ਵਿੱਚ ਬੇਰੁਜ਼ਗਾਰੀ, ਭੁੱਖਮਰੀ, ਹਕੂਮਤੀ ਨੀਤੀਆਂ ਅਤੇ ਜਮਹੂਰੀ ਹੱਕਾਂ ਦੀ ਰਾਖੀ ਵਰਗੇ ਮੁੱਦੇ ਪ੍ਰਮੁੱਖ ਰਹੇ।
ਉਨ੍ਹਾਂ ਦੇ ਦੇਹਾਂਤ ’ਤੇ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਸਵਰਾਜਬੀਰ, ਸੁਰਜੀਤ ਜੱਜ, ਕੁਲਦੀਪ ਸਿੰਘ ਦੀਪ, ਬਲਦੇਵ ਸਿੰਘ ਮੋਗਾ, ਕਿਰਪਾਲ ਕਜ਼ਾਕ ਸਮੇਤ ਕਈ ਸਾਹਿਤਕਾਰਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।








