ਏਅਰ ਇੰਡੀਆ ਬੰਬ ਧਮਾਕਾ: 41 ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ, ਜਾਂਚ ‘ਠੰਢੇ ਬਸਤੇ’ ’ਚ ਜਾਣ ’ਤੇ ਪਰਿਵਾਰ ਹੈਰਾਨ
ਓਟਾਵਾ, 22 ਸਤੰਬਰ: 1985 ਦੇ ਏਅਰ ਇੰਡੀਆ ਫਲਾਈਟ-182 ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨੂੰ ਉਸ ਵੇਲੇ ਗਹਿਰਾ ਝਟਕਾ ਲੱਗਾ, ਜਦੋਂ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ ਦੱਸਿਆ ਕਿ ਜਾਂਚ ਵਿੱਚ ਮੌਜੂਦਾ ਸਾਰੇ ਮੁੱਖ ਸੁਰਾਗ ਲਗਭਗ ਖ਼ਤਮ ਹੋ ਚੁੱਕੇ ਹਨ ਅਤੇ ਜਾਂਚ ਨੂੰ ਸਰਗਰਮ ਤੌਰ ’ਤੇ ਅੱਗੇ ਵਧਾਉਣਾ ਫਿਲਹਾਲ ਰੋਕਿਆ ਜਾ ਰਿਹਾ ਹੈ। ਹਾਲਾਂਕਿ RCMP ਨੇ ਸਪੱਸ਼ਟ ਕੀਤਾ ਹੈ ਕਿ ਮਾਮਲਾ ਅਧਿਕਾਰਤ ਤੌਰ ’ਤੇ ਬੰਦ ਨਹੀਂ ਕੀਤਾ ਗਿਆ ਅਤੇ ਕੋਈ ਨਵਾਂ ਜਾਂ ਭਰੋਸੇਯੋਗ ਸਬੂਤ ਮਿਲਣ ’ਤੇ ਜਾਂਚ ਮੁੜ ਕੀਤੀ ਜਾਵੇਗੀ।
23 ਜੂਨ 1985 ਨੂੰ ਟੋਰਾਂਟੋ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ-182 ਵਿੱਚ ਬੰਬ ਧਮਾਕਾ ਹੋਇਆ ਸੀ। ਜਹਾਜ਼ ਆਇਰਲੈਂਡ ਦੇ ਤੱਟ ਨੇੜੇ ਐਟਲਾਂਟਿਕ ਮਹਾਸਾਗਰ ਵਿੱਚ ਹਾਦਸਾਗ੍ਰਸਤ ਹੋ ਗਿਆ ਅਤੇ ਸਾਰੇ 329 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ ਬਹੁਗਿਣਤੀ ਕੈਨੇਡੀਅਨ ਨਾਗਰਿਕ ਸਨ।
CBC News ਮੁਤਾਬਕ 12 ਸਤੰਬਰ ਨੂੰ ਟੋਰਾਂਟੋ ਵਿੱਚ ਹੋਈ ਮੀਟਿੰਗ ਦੌਰਾਨ ਕਰੀਬ 40-50 ਪਰਿਵਾਰਕ ਮੈਂਬਰਾਂ ਨੂੰ ਜਾਂਚ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। ਪਰਿਵਾਰਾਂ ਨੇ ਕਿਹਾ ਕਿ 41 ਸਾਲਾਂ ਬਾਅਦ ਵੀ ਇਨਸਾਫ਼ ਦੀ ਉਡੀਕ ਜਾਰੀ ਹੈ ਅਤੇ ਜਾਂਚ ਨੂੰ ਨਿਸ਼ਕ੍ਰਿਆ ਕਰਨਾ ਉਨ੍ਹਾਂ ਲਈ ਬੇਹੱਦ ਦੁਖਦਾਈ ਹੈ।
ਇਸ ਮਾਮਲੇ ਵਿੱਚ ਹੁਣ ਤੱਕ ਸਿਰਫ਼ ਇੰਦਰਜੀਤ ਸਿੰਘ ਰਿਆਤ ਨੂੰ ਦੋਸ਼ੀ ਠਹਿਰਾਇਆ ਗਿਆ ਹੈ। RCMP ਨੇ ਕਿਹਾ ਕਿ ਇਸ ਸਮੇਂ ਕੋਈ ਹੋਰ ਵਿਅਕਤੀ ‘ਪਰਸਨ ਆਫ਼ ਇੰਟਰੈਸਟ’ ਜਾਂ ਸ਼ੱਕੀ ਵਜੋਂ ਵਿਚਾਰ ਅਧੀਨ ਨਹੀਂ ਹੈ।








