ਘਰ ‘ਚ ਡਕੈਤੀ ਕਰਨ ਅਤੇ ਮਾਸੂਮ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਮਾਮਲੇ ‘ਚ ਕੋਰਟ ਨੇ 3 ਦੋਸ਼ੀਆਂ ਨੂੰ ਸੁਣਾਈ ਸਜ਼ਾ
ਪੰਚਕੂਲਾ 22 ਸਤੰਬਰ 2026
ਐਮਡੀਸੀ ਸੈਕਟਰ-4 ਵਿੱਚ ਦਿਨ-ਦਿਹਾੜੇ ਘਰ ਵਿੱਚ ਦਾਖਲ ਹੋ ਕੇ ਕਰੀਬ ਇੱਕ ਸਾਲ ਦੇ ਮਾਸੂਮ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਡਕੈਤੀ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਘਰੇਲੂ ਨੌਕਰ ਸਮੇਤ ਤਿੰਨ ਦੋਸ਼ੀਆਂ ਨੂੰ ਸੱਤ-ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨਾਂ ’ਤੇ 25-25 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ।
ਦੋਸ਼ੀਆਂ ਦੀ ਪਛਾਣ ਨੇਪਾਲ ਵਾਸੀ ਕਰਨ ਬਹਾਦੁਰ, ਗੋਪਾਲ ਉਰਫ਼ ਖਗੇਂਦਰ ਸਾਰਕੀ ਅਤੇ ਲੁਧਿਆਣਾ ਵਾਸੀ ਆਸਮਾਨ ਸਿੰਘ ਵਜੋਂ ਹੋਈ ਹੈ। ਮਾਮਲੇ ਵਿੱਚ ਘਰੇਲੂ ਨੌਕਰ ਕਰਨ ਬਹਾਦੁਰ ਨੂੰ ਵਾਰਦਾਤ ਦਾ ਮੁੱਖ ਸਾਜ਼ਿਸ਼ਕਰਤਾ ਮੰਨਿਆ ਗਿਆ। ਹਾਲਾਂਕਿ, ਲੋੜੀਂਦੇ ਸਬੂਤ ਨਾ ਮਿਲਣ ਕਾਰਨ ਟੇਕ ਬਹਾਦੁਰ ਉਰਫ਼ ਟੇਕਾ ਨੂੰ ਅਦਾਲਤ ਨੇ ਬਰੀ ਕਰ ਦਿੱਤਾ।
ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਪੱਖ ਵੱਲੋਂ ਵਕੀਲ ਪ੍ਰਦੀਪ ਸ਼ਰਮਾ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਯੋਜਨਾਬੱਧ ਢੰਗ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਨੇ ਘਰ ਵਿੱਚ ਮੌਜੂਦ ਪਰਿਵਾਰ ਨੂੰ ਡਰਾਉਣ ਲਈ ਮਾਸੂਮ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਘਰ ਵਿੱਚੋਂ ਕਰੀਬ ਸਾਢੇ ਪੰਜ ਲੱਖ ਰੁਪਏ ਨਕਦ ਤੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ।








