3 ਬੱਚਿਆਂ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ: ਮਾਂ ਨੇ ਪ੍ਰੇਮੀ ਖਾਤਰ ਤਿੰਨਾਂ ਨੂੰ ਜ਼ਹਿਰ ਦੇ ਕੇ ਮਾਰਿਆ

Top Trending News ਪੰਜਾਬ

  • 3 ਬੱਚਿਆਂ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ: ਮਾਂ ਨੇ ਪ੍ਰੇਮੀ ਖਾਤਰ ਤਿੰਨਾਂ ਨੂੰ ਜ਼ਹਿਰ ਦੇ ਕੇ ਮਾਰਿਆ
  • ਮਿਠਾਈ ’ਚ ਜ਼ਹਿਰੀਲਾ ਪਦਾਰਥ ਮਿਲਾ ਕੇ ਖੁਆਉਣ ਦਾ ਪੁਲੀਸ ਦਾ ਦਾਅਵਾ; ਮਾਂ ਗ੍ਰਿਫ਼ਤਾਰ, ਪ੍ਰੇਮੀ ਫਰਾਰ

ਸੰਗਰੂਰ, 22 ਸਤੰਬਰ (ਦੇਸ਼ ਕਲਿੱਕ ਬਿਊਰੋ): ਸੰਗਰੂਰ ਦੇ ਭਵਾਨੀਗੜ੍ਹ ਇਲਾਕੇ ਵਿੱਚ ਰੱਖੜੀ ਵਾਲੇ ਦਿਨ ਤਿੰਨ ਬੱਚਿਆਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਬੱਚਿਆਂ ਦੀ ਮੌਤ ਫੂਡ ਪੋਇਜ਼ਨਿੰਗ ਕਾਰਨ ਨਹੀਂ, ਸਗੋਂ ਕਥਿਤ ਤੌਰ ’ਤੇ ਯੋਜਨਾਬੱਧ ਕਤਲ ਸੀ। ਇਸ ਮਾਮਲੇ ਵਿੱਚ ਬੱਚਿਆਂ ਦੀ ਮਾਂ ਲਵਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਸ ਦਾ ਕਥਿਤ ਪ੍ਰੇਮੀ ਹਰਜੀਤ ਸਿੰਘ ਫਰਾਰ ਹੈ।

ਰੱਖੜੀ ਵਾਲੇ ਦਿਨ ਹੋਈ ਸੀ ਤਿੰਨ ਬੱਚਿਆਂ ਦੀ ਮੌਤ
26 ਅਗਸਤ ਨੂੰ ਰੱਖੜੀ ਵਾਲੇ ਦਿਨ ਭਵਾਨੀਗੜ੍ਹ ਇਲਾਕੇ ਵਿੱਚ 3 ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ 6 ਸਾਲਾ ਜਸਨੂਰ ਕੌਰ, 5 ਸਾਲਾ ਅਰਮਾਨਦੀਪ ਸਿੰਘ ਅਤੇ ਢਾਈ ਸਾਲਾ ਰਿਹਾਨਦੀਪ ਸਿੰਘ ਵਜੋਂ ਹੋਈ ਸੀ। ਸ਼ੁਰੂਆਤੀ ਬਿਆਨਾਂ ਵਿੱਚ ਮਾਂ ਲਵਪ੍ਰੀਤ ਕੌਰ ਨੇ ਦੱਸਿਆ ਸੀ ਕਿ ਬਾਜ਼ਾਰ ਤੋਂ ਲਿਆਂਦੀ ਮਿਠਾਈ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜੀ ਅਤੇ ਉਸ ਨੇ ਇਸ ਨੂੰ ਫੂਡ ਪੋਇਜ਼ਨਿੰਗ ਦੱਸਿਆ ਸੀ।

ਜਾਂਚ ਦੌਰਾਨ ਪੁਲੀਸ ਨੂੰ ਹੋਇਆ ਸ਼ੱਕ
ਮਾਮਲਾ ਸ਼ੱਕੀ ਲੱਗਣ ’ਤੇ ਪੁਲੀਸ ਨੇ ਗੁਪਤ ਤਰੀਕੇ ਨਾਲ ਜਾਂਚ ਸ਼ੁਰੂ ਕੀਤੀ। ਤਕਨੀਕੀ ਜਾਂਚ ਅਤੇ ਪੁੱਛਗਿੱਛ ਦੌਰਾਨ ਪੁਲੀਸ ਨੂੰ ਮਹਿਲਾ ਦੇ ਬਿਆਨਾਂ ਅਤੇ ਘਟਨਾਕ੍ਰਮ ਵਿੱਚ ਕਈ ਗੱਲਾਂ ਸ਼ੱਕੀ ਲੱਗੀਆਂ। ਇਸ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲੀਸ ਨੇ ਮਾਮਲੇ ਦੀਆਂ ਕੜੀਆਂ ਜੋੜੀਆਂ। ਪੁਲੀਸ ਮੁਤਾਬਕ ਜਾਂਚ ਵਿੱਚ ਲਵਪ੍ਰੀਤ ਕੌਰ ਦੇ ਹਰਜੀਤ ਸਿੰਘ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ। ਦੋਵਾਂ ਦੀ ਜਾਣ-ਪਛਾਣ ਇੰਸਟਾਗ੍ਰਾਮ ਰਾਹੀਂ ਹੋਈ ਸੀ ਅਤੇ ਬਾਅਦ ਵਿੱਚ ਦੋਵਾਂ ਵਿੱਚ ਨੇੜਤਾ ਵਧ ਗਈ।

ਮਿਠਾਈ ’ਚ ਮਿਲਾਇਆ ਸੀ ਕਥਿਤ ਜ਼ਹਿਰੀਲਾ ਪਦਾਰਥ
ਪੁਲੀਸ ਦਾ ਦਾਅਵਾ ਹੈ ਕਿ ਲਵਪ੍ਰੀਤ ਕੌਰ ਨੇ ਹਰਜੀਤ ਸਿੰਘ ਨਾਲ ਮਿਲ ਕੇ ਮਿਠਾਈ ਵਿੱਚ ਜ਼ਹਿਰੀਲਾ ਹਾਰਬੀਸਾਈਡ (ਖਰਪਤਵਾਰ ਨਾਸ਼ਕ) ਮਿਲਾਇਆ ਅਤੇ ਬੱਚਿਆਂ ਨੂੰ ਖੁਆ ਦਿੱਤਾ। ਪੁਲੀਸ ਨੇ ਮਿਠਾਈ ਦੇ ਸੈਂਪਲ ਫੋਰੈਂਸਿਕ ਜਾਂਚ ਲਈ ਭੇਜੇ ਹਨ। ਪੁਲੀਸ ਮੁਤਾਬਕ ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਲਵਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹਰਜੀਤ ਸਿੰਘ ਦੀ ਭਾਲ ਲਈ ਪੁਲੀਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।