- ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੂੰ ਸਦਮਾ: ਮਾਂ ਕ੍ਰਿਸ਼ਨਾ ਮੁਖਰਜੀ ਦਾ ਦੇਹਾਂਤ
- 75 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ
ਮੁੰਬਈ, 22 ਸਤੰਬਰ 2026 (ਦੇਸ਼ ਕਲਿੱਕ ਬਿਊਰੋ): ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ ਮੰਗਲਵਾਰ ਦੁਪਹਿਰ 75 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਗਈ ਹੈ।
ਪਰਿਵਾਰ ਨੇ ਬਿਆਨ ਵਿੱਚ ਕਿਹਾ ਕਿ ਬਹੁਤ ਦੁੱਖ ਨਾਲ ਦੱਸਿਆ ਜਾ ਰਿਹਾ ਹੈ ਕਿ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ ਮੰਗਲਵਾਰ ਦੁਪਹਿਰ ਦੇਹਾਂਤ ਹੋ ਗਿਆ। ਪਰਿਵਾਰ ਨੇ ਇਸ ਦੁੱਖ ਦੀ ਘੜੀ ਵਿੱਚ ਮਿਲ ਰਹੇ ਪਿਆਰ, ਦੁਆਵਾਂ ਅਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਲੋਕਾਂ ਨੂੰ ਨਿੱਜਤਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਪਰਿਵਾਰ ਵੱਲੋਂ ਕ੍ਰਿਸ਼ਨਾ ਮੁਖਰਜੀ ਦੀ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ। ਉਹ ਫ਼ਿਲਮਕਾਰ ਰਾਮ ਮੁਖਰਜੀ ਦੀ ਪਤਨੀ ਸਨ। ਰਾਮ ਮੁਖਰਜੀ, ਜੋ ਫਿਲਮਾਲਿਆ ਸਟੂਡੀਓਜ਼ ਦੇ ਸਹਿ-ਸੰਸਥਾਪਕ ਸਨ, ਦਾ 2017 ਵਿੱਚ ਦੇਹਾਂਤ ਹੋ ਗਿਆ ਸੀ।
ਬੰਗਾਲੀ ਫ਼ਿਲਮ ਇੰਡਸਟਰੀ ਨਾਲ ਵੀ ਜੁੜੇ ਰਹੇ
ਕ੍ਰਿਸ਼ਨਾ ਮੁਖਰਜੀ ਅਤੇ ਰਾਮ ਮੁਖਰਜੀ ਦੇ ਦੋ ਬੱਚੇ ਹਨ—ਅਦਾਕਾਰਾ ਰਾਣੀ ਮੁਖਰਜੀ ਅਤੇ ਫ਼ਿਲਮ ਨਿਰਮਾਤਾ ਰਾਜਾ ਮੁਖਰਜੀ। ਕ੍ਰਿਸ਼ਨਾ ਮੁਖਰਜੀ ਬੰਗਾਲੀ ਫ਼ਿਲਮ ਇੰਡਸਟਰੀ ਨਾਲ ਪਲੇਬੈਕ ਸਿੰਗਰ ਵਜੋਂ ਵੀ ਜੁੜੇ ਰਹੇ।
ਉਨ੍ਹਾਂ ਦੇ ਨਾਮ ਨਾਲ 1982 ਵਿੱਚ ਰਿਲੀਜ਼ ਹੋਈ ਫ਼ਿਲਮ ‘ਤੀਸਰੀ ਆਂਖ’ ਦੇ ਗੀਤ ‘ਈਦ ਕੇ ਦਿਨ ਗਲੇ ਮਿਲ ਲੇ ਰਾਜਾ’ ਦਾ ਕ੍ਰੈਡਿਟ ਵੀ ਜੁੜਿਆ ਹੈ।








