AAP ਵਿਧਾਇਕ ਤੇ ਸਾਬਕਾ ਮੰਤਰੀ ਵਿਚਾਲੇ ਹੋਈ ਤਕਰਾਰ

Top Trending News ਪੰਜਾਬ

  • AAP ਵਿਧਾਇਕ ਤੇ ਸਾਬਕਾ ਮੰਤਰੀ ਵਿਚਾਲੇ ਹੋਈ ਤਕਰਾਰ

ਬਠਿੰਡਾ: 23 ਸਤੰਬਰ (ਦੇਸ਼ ਕਲਿੱਕ ਬਿਊਰੋ): ਬਠਿੰਡਾ ਦੀ ਨਗਰ ਪੰਚਾਇਤ ਮਲੂਕਾ ਵਿੱਚ ਆਊਟਸੋਰਸ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਿਚਾਲੇ ਤਕਰਾਰ ਹੋ ਗਈ। ਹਾਜ਼ਰੀ ਰਜਿਸਟਰ ਚੈੱਕ ਕਰਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਗਰਮਾ-ਗਰਮੀ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।

ਜਾਣਕਾਰੀ ਮੁਤਾਬਕ ਵਿਧਾਇਕ ਬਲਕਾਰ ਸਿੰਘ ਸਿੱਧੂ ਮੰਗਲਵਾਰ ਨੂੰ ਨਗਰ ਪੰਚਾਇਤ ਮਲੂਕਾ ਦੇ ਦਫ਼ਤਰ ਵਿੱਚ ਮੁਲਾਜ਼ਮਾਂ ਦਾ ਹਾਜ਼ਰੀ ਰਜਿਸਟਰ ਚੈੱਕ ਕਰਨ ਪਹੁੰਚੇ ਸਨ। ਵਿਧਾਇਕ ਨੇ ਦੱਸਿਆ ਕਿ ਕੁਝ ਆਊਟਸੋਰਸ ਮੁਲਾਜ਼ਮਾਂ ਨੇ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਸੀ ਕਿ ਨਗਰ ਪੰਚਾਇਤ ਪ੍ਰਧਾਨ ਵੱਲੋਂ ਉਨ੍ਹਾਂ ਦੀ ਗੈਰਹਾਜ਼ਰੀ ਲਗਾਈ ਗਈ ਹੈ।

ਵਿਧਾਇਕ ਦੇ ਦਫ਼ਤਰ ਪਹੁੰਚਣ ’ਤੇ ਹਾਜ਼ਰੀ ਰਜਿਸਟਰ ਉੱਥੇ ਮੌਜੂਦ ਨਹੀਂ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਰਜਿਸਟਰ ਨਗਰ ਪੰਚਾਇਤ ਪ੍ਰਧਾਨ ਆਪਣੇ ਘਰ ਲੈ ਗਏ ਹਨ। ਇਸ ਦੌਰਾਨ ਮਾਮਲੇ ਦੀ ਜਾਣਕਾਰੀ ਮਿਲਣ ’ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਆਪਣੇ ਸਮਰਥਕਾਂ ਨਾਲ ਮੌਕੇ ’ਤੇ ਪਹੁੰਚ ਗਏ।

ਮਲੂਕਾ ਨੇ ਵਿਧਾਇਕ ਦੇ ਦਖ਼ਲ ’ਤੇ ਚੁੱਕੇ ਸਵਾਲ
ਸਿਕੰਦਰ ਸਿੰਘ ਮਲੂਕਾ ਨੇ ਵਿਧਾਇਕ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਦੀ ਗੈਰਹਾਜ਼ਰੀ ਨਹੀਂ ਲਗਾਈ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਨਗਰ ਪੰਚਾਇਤ ਦੇ ਦਫ਼ਤਰੀ ਕੰਮਕਾਜ ਵਿੱਚ ਵਿਧਾਇਕ ਵੱਲੋਂ ਇਸ ਤਰ੍ਹਾਂ ਦਖ਼ਲ ਦੇਣਾ ਠੀਕ ਨਹੀਂ ਹੈ। ਮਲੂਕਾ ਨੇ ਕਿਹਾ ਕਿ ਜੇਕਰ ਕਿਸੇ ਮੁਲਾਜ਼ਮ ਦੀ ਹਾਜ਼ਰੀ ਸਬੰਧੀ ਕੋਈ ਜਾਂਚ ਕਰਨੀ ਸੀ ਤਾਂ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਜਾ ਸਕਦਾ ਸੀ। ਉਨ੍ਹਾਂ ਨੇ ਵਿਧਾਇਕ ’ਤੇ ਨਗਰ ਪੰਚਾਇਤ ਦੇ ਕੰਮਕਾਜ ਵਿੱਚ ਦਖ਼ਲ ਦੇ ਕੇ ਮਾਹੌਲ ਖਰਾਬ ਕਰਨ ਦਾ ਦੋਸ਼ ਲਾਇਆ।

ਵਿਧਾਇਕ ਨੇ ਕਿਹਾ—ਮੁਲਾਜ਼ਮਾਂ ਦੀ ਸ਼ਿਕਾਇਤ ’ਤੇ ਪਹੁੰਚੇ
ਦੂਜੇ ਪਾਸੇ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਮੁਲਾਜ਼ਮਾਂ ਦੀ ਸ਼ਿਕਾਇਤ ’ਤੇ ਉਨ੍ਹਾਂ ਦੇ ਹੱਕ ਵਿੱਚ ਮਾਮਲਾ ਦੇਖਣ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਅਤੇ ਜੇਕਰ ਕਿਸੇ ਮੁਲਾਜ਼ਮ ਦੀ ਗੈਰਹਾਜ਼ਰੀ ਲਗਾਈ ਜਾਂਦੀ ਹੈ ਤਾਂ ਇਸ ਦਾ ਉਸ ਦੀ ਰੈਗੂਲਰ ਹੋਣ ਦੀ ਪ੍ਰਕਿਰਿਆ ’ਤੇ ਅਸਰ ਪੈ ਸਕਦਾ ਹੈ। ਵਿਵਾਦ ਵਧਣ ’ਤੇ ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਵਿਧਾਇਕ ਦੇ ਉੱਥੋਂ ਵਾਪਸ ਜਾਣ ਸਮੇਂ ਮਲੂਕਾ ਸਮਰਥਕਾਂ ਵੱਲੋਂ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।