AAP ਮੰਤਰੀ ਹਰਦੀਪ ਮੁੰਡੀਆਂ ਦੇ ਭਾਣਜੇ ਦੇ ਘਰ ED ਦੀ ਰੇਡ

Top Trending News ਪੰਜਾਬ

  • AAP ਮੰਤਰੀ ਹਰਦੀਪ ਮੁੰਡੀਆਂ ਦੇ ਭਾਣਜੇ ਦੇ ਘਰ ED ਦੀ ਰੇਡ

ਲੁਧਿਆਣਾ, 23 ਸਤੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਲੁਧਿਆਣਾ ਸਥਿਤ ਘਰ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ED ਦੀਆਂ ਟੀਮਾਂ ਮੰਤਰੀ ਦੇ ਭਾਣਜੇ ਗੁਰਪ੍ਰੀਤ ਸਿੰਘ ਉਰਫ਼ ਪ੍ਰਿੰਸ ਦੇ ਘਰ ਦੀ ਤਲਾਸ਼ੀ ਲੈ ਰਹੀਆਂ ਹਨ। ਇਹ ਕਾਰਵਾਈ ਮੰਗਲਵਾਰ ਤੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਨਾਲ ਸਬੰਧਤ ਮਾਮਲੇ ਵਿੱਚ ਚੱਲ ਰਹੀ ਜਾਂਚ ਦਾ ਹਿੱਸਾ ਦੱਸੀ ਜਾ ਰਹੀ ਹੈ। ਹਰਦੀਪ ਸਿੰਘ ਮੁੰਡੀਆਂ ਪੰਜਾਬ ਦੇ ਅਰਬਨ ਹਾਊਸਿੰਗ ਮੰਤਰੀ ਹਨ ਅਤੇ GMADA ਵੀ ਉਨ੍ਹਾਂ ਦੇ ਵਿਭਾਗ ਅਧੀਨ ਆਉਂਦੀ ਹੈ।

ਸੀਨੀਅਰ IAS ਅਧਿਕਾਰੀ ਦੀ ਕੋਠੀ ’ਤੇ ਵੀ ਜਾਂਚ
ਚੰਡੀਗੜ੍ਹ ਵਿੱਚ GMADA ਦੇ ਸਾਬਕਾ ਚੀਫ਼ ਐਡਮਿਨਿਸਟ੍ਰੇਟਰ ਅਤੇ ਪੰਜਾਬ ਦੇ ਸੀਨੀਅਰ IAS ਅਧਿਕਾਰੀ ਰਾਜੀਵ ਗੁਪਤਾ ਦੀ ਕੋਠੀ ’ਤੇ ਵੀ ED ਦੀ ਕਾਰਵਾਈ ਜਾਰੀ ਹੈ। ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਮੰਗਲਵਾਰ ਸਵੇਰੇ ਸ਼ੁਰੂ ਹੋਈ ਇਸ ਕਾਰਵਾਈ ਤਹਿਤ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਵਿੱਚ ਕਰੀਬ 26 ਥਾਵਾਂ ’ਤੇ ਸਰਚ ਅਤੇ ਸਰਵੇ ਕੀਤਾ ਜਾ ਰਿਹਾ ਹੈ। ਮੋਹਾਲੀ ਦੇ ਫੇਜ਼-8 ਸਥਿਤ ਪੁੱਡਾ ਭਵਨ ਵਿੱਚ ED ਦੀਆਂ ਟੀਮਾਂ ਨੇ ਰਾਤ ਭਰ ਰਿਕਾਰਡ ਦੀ ਜਾਂਚ ਕੀਤੀ। ਜਾਂਚ ਏਜੰਸੀ ਵੱਲੋਂ GMADA ਹੈੱਡਕੁਆਰਟਰ ਦੇ ਕੁਝ ਹਿੱਸਿਆਂ ਨੂੰ ਸੀਲ ਕੀਤੇ ਜਾਣ ਦੀ ਵੀ ਜਾਣਕਾਰੀ ਹੈ।

ਤਿਰੂਪਤੀ ਇੰਫ੍ਰਾਪ੍ਰੋਜੈਕਟਸ ਨਾਲ ਜੁੜੀ ਜਾਂਚ
ED ਦੀ ਜਾਂਚ ਤਿਰੂਪਤੀ ਇੰਫ੍ਰਾਪ੍ਰੋਜੈਕਟਸ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨੂੰ GMADA ਦੀਆਂ ਦੋ ਪ੍ਰਮੁੱਖ ਨੀਲਾਮੀ ਸਾਈਟਾਂ ਵਿੱਚ ਕਥਿਤ ਵਿੱਤੀ ਰਾਹਤ ਦਿੱਤੇ ਜਾਣ ਨਾਲ ਸਬੰਧਤ ਦੱਸੀ ਜਾ ਰਹੀ ਹੈ। ED ਦੇ ਅਨੁਸਾਰ, ਇਸ ਮਾਮਲੇ ਵਿੱਚ ਸਬੰਧਤ ਕੰਪਨੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਕਥਿਤ ਵਿੱਤੀ ਲਾਭ ਮਿਲਣ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ।

ਕਾਂਗਰਸ ਤੇ ਭਾਜਪਾ ਨੇ AAP ’ਤੇ ਚੁੱਕੇ ਸਵਾਲ
ED ਦੀ ਕਾਰਵਾਈ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਆਗੂਆਂ ਵੱਲੋਂ ਪੰਜਾਬ ਦੀ AAP ਸਰਕਾਰ ’ਤੇ ਸਵਾਲ ਚੁੱਕੇ ਜਾ ਰਹੇ ਹਨ। ਦੂਜੇ ਪਾਸੇ AAP ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਦੀ ਕਾਰਵਾਈ ਰਾਹੀਂ ਪੰਜਾਬ ਸਰਕਾਰ ਦੇ ਅਧਿਕਾਰੀਆਂ ’ਤੇ ਦਬਾਅ ਬਣਾਉਣ ਅਤੇ GMADA ਦੇ ਕੰਮਕਾਜ ਵਿੱਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। AAP ਵੱਲੋਂ ਕਿਹਾ ਗਿਆ ਹੈ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਸਮੇਤ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਮੋਹਾਲੀ ਦੇ ਵਿਕਾਸ ਕਾਰਜ ਜਾਰੀ ਰਹਿਣਗੇ।