- ਹਰਚੰਦ ਬਰਸਟ ਵੱਲੋਂ ਕਿਸਾਨ ਭਵਨ, ਚੰਡੀਗੜ੍ਹ ਵਿਖੇ ਨਵੇਂ ਕੈਫੇਟੇਰੀਆ “ਕੌਫੀਆ” ਦਾ ਉਦਘਾਟਨ
- ਕਿਸਾਨਾਂ ਸਮੇਤ ਹੋਰ ਵਿਜਿਟਰਾਂ ਨੂੰ ਮਿਲੇਗੀ ਵਧਿਆ ਸਹੁਲਤ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਲੋਕਾਂ ਦੀਆਂ ਸੁਵਿਧਾਵਾਂ ‘ਚ ਵਾਧੇ ਲਈ ਵਚਨਬੱਧ: ਬਰਸਟ
ਚੰਡੀਗੜ੍ਹ, 23 ਸਤੰਬਰ 2026 (ਦੇਸ਼ ਕਲਿੱਕ ਬਿਊਰੋ): ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਆਉਣ ਵਾਲੇ ਕਿਸਾਨਾਂ ਅਤੇ ਹੋਰ ਵਿਜ਼ਿਟਰਾਂ ਦੀਆਂ ਸੁਵਿਧਾਵਾਂ ਵਿੱਚ ਵਾਧਾ ਕਰਦਿਆਂ ਆਧੁਨਿਕ ਕੈਫੇਟੇਰੀਆ “ਕੌਫੀਆ” ਦਾ ਰਿਬਨ ਕੱਟ ਕੇ ਰਸਮੀ ਤੌਰ ਉਦਘਾਟਨ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪਤਵੰਤੇ ਸੱਜਣ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ ਇਸ ਨਵੀਂ ਸ਼ੁਰੂਆਤ ਲਈ ਵਧਾਈ ਦਿੱਤੀ ਅਤੇ ਪੂਰੇ ਜੋਸ਼, ਤਨਦੇਹੀ ਅਤੇ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸ. ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਸੂਬੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਹਰ ਸੰਭਵ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ। ਚੰਡੀਗੜ੍ਹ ਵਿਖੇ ਕੰਮਾ-ਕਾਰਾਂ ਲਈ ਆਉਣ ਵਾਲੇ ਕਿਸਾਨ ਅਤੇ ਆਮ ਨਾਗਰਿਕ ਕਿਸਾਨ ਭਵਨ, ਚੰਡੀਗੜ੍ਹ ਵਿਖੇ ਠਹਿਰਦੇ ਹਨ, ਜਿਨ੍ਹਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਸ ਸੁਵਿਧਾਜਨਕ ਕੈਫੇਟੇਰੀਆ ਦੀ ਸਥਾਪਨਾ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਨਵੇਂ ਖੋਲ੍ਹੇ ਕੈਫੇਟੇਰੀਆ ਵਿੱਚ ਕਿਸਾਨਾਂ ਅਤੇ ਇੱਥੇ ਆਉਣ ਵਾਲੇ ਹੋਰ ਵਿਜ਼ਿਟਰਾਂ ਲਈ ਕੌਫੀ, ਨਾਸ਼ਤਾ ਅਤੇ ਖਾਣ-ਪੀਣ ਦੀਆਂ ਵੱਖ-ਵੱਖ ਵਸਤਾਂ ਉਪਲਬਧ ਹਨ। ਕੈਫੇਟੇਰੀਆ ਵਿੱਚ ਸਾਫ਼-ਸਫ਼ਾਈ ਅਤੇ ਖਾਣ-ਪੀਣ ਦੀ ਗੁਣਵੱਤਾ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾਵੇਗਾ ਤਾਂ ਜੋ ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਘਰ ਵਰਗਾ ਮਾਹੌਲ ਅਤੇ ਸ਼ੁੱਧ ਖਾਣਾ ਮਿਲ ਸਕੇ।
ਬਰਸਟ ਨੇ ਅੱਗੇ ਕਿਹਾ ਕਿ ਕਿਸਾਨ ਭਵਨ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹ ਨਵਾਂ ਕੈਫੇਟੇਰੀਆ ਨਾ ਸਿਰਫ਼ ਵਿਜ਼ਿਟਰਾਂ ਦੇ ਬੈਠਣ ਅਤੇ ਰਿਫ੍ਰੈਸ਼ਮੈਂਟ ਲਈ ਇੱਕ ਵਧੀਆ ਸਥਾਨ ਸਾਬਤ ਹੋਵੇਗਾ, ਬਲਕਿ ਕਿਸਾਨ ਭਵਨ ਦੇ ਸਮੁੱਚੇ ਮਾਹੌਲ ਨੂੰ ਹੋਰ ਵੀ ਆਕਰਸ਼ਕ ਅਤੇ ਸੁਵਿਧਾਜਨਕ ਬਣਾਏਗਾ। ਇਸ ਮੌਕੇ ਅਜੇਪਾਲ ਸਿੰਘ ਬਰਾੜ ਡੀ.ਐਮ.ਓ. ਕਿਸਾਨ ਭਵਨ, ਸੁਰਮੁੱਖ ਸਿੰਘ ਅਮਲਾ ਅਫ਼ਸਰ ਸਮੇਤ ਕਿਸਾਨ ਭਵਨ ਦਾ ਸਮੂਹ ਸਟਾਫ਼ ਮੌਜੂਦ ਰਿਹਾ।








