- ਫਰਜ਼ੀ DSP ਰੇਪ ਕੇਸ ’ਚ ਗ੍ਰਿਫ਼ਤਾਰ, 6 ਸਾਲ ਤੋਂ ਸੀ ਭਗੌੜਾ
ਲੁਧਿਆਣਾ, 27 ਸਤੰਬਰ (ਦੇਸ਼ ਕਲਿੱਕ ਬਿਊਰੋ): ਪੁਲਿਸ ਨੇ ਇੱਕ ਫਰਜ਼ੀ DSP ਨੂੰ ਔਰਤ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੁਲਿਸ ਦੀ ਵਰਦੀ ਪਾ ਕੇ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਸੀ। ਪੁਲਿਸ ਜਾਂਚ ਮੁਤਾਬਕ ਉਸ ਨੇ ਫਰਜ਼ੀ ਪਛਾਣ ਦੀ ਵਰਤੋਂ ਕਰਕੇ ਔਰਤ ਨੂੰ ਕਥਿਤ ਤੌਰ ’ਤੇ ਆਪਣੇ ਝਾਂਸੇ ਵਿੱਚ ਲਿਆ ਸੀ। ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਸਾਲ 2020 ਵਿੱਚ ਬਲਾਤਕਾਰ ਦੀ FIR ਦਰਜ ਕੀਤੀ ਗਈ ਸੀ।
ਲੰਬੇ ਸਮੇਂ ਤੱਕ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਉਸ ਤੋਂ ਪੁੱਛਗਿੱਛ ਕਰਕੇ ਪੁਰਾਣੇ ਮਾਮਲਿਆਂ ਅਤੇ ਫਰਜ਼ੀ ਪੁਲਿਸ ਅਧਿਕਾਰੀ ਬਣ ਕੇ ਘੁੰਮਣ ਸਬੰਧੀ ਜਾਣਕਾਰੀ ਇਕੱਠੀ ਕਰ ਰਹੀ ਹੈ। ਮੁਲਜ਼ਮ ਦੀ ਪਛਾਣ ਕਰਨਵੀਰ ਸ਼ਰਮਾ ਵਜੋਂ ਹੋਈ ਹੈ, ਜੋ ਖੰਨਾ ਦੇ ਪਿੰਡ ਕੱਦੋਂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਜੰਮੂ-ਕਸ਼ਮੀਰ ਵਿੱਚ ਵੀ ਸਾਹਮਣੇ ਆਇਆ ਸੀ ਨਾਮ
ਕਰਨਵੀਰ ਦਾ ਨਾਮ ਸਾਲ 2024 ਵਿੱਚ ਜੰਮੂ-ਕਸ਼ਮੀਰ ਦੇ ਇੱਕ ਮਾਮਲੇ ਵਿੱਚ ਵੀ ਸਾਹਮਣੇ ਆਇਆ ਸੀ। ਸ੍ਰੀਨਗਰ ਪੁਲਿਸ ਨੇ ਉਸ ਨੂੰ ਇੱਕ ਹੋਰ ਨੌਜਵਾਨ ਨਾਲ ਪੁਲਿਸ ਦੀ ਵਰਦੀ ਵਿੱਚ ਨਹਿਰੂ ਪਾਰਕ ਇਲਾਕੇ ਵਿੱਚ ਘੁੰਮਦੇ ਹੋਏ ਕਾਬੂ ਕੀਤਾ ਸੀ। ਪੁਲਿਸ ਨੂੰ ਦੋਵਾਂ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ ਸਨ।
ਪੁੱਛਗਿੱਛ ਦੌਰਾਨ ਜਦੋਂ ਉਨ੍ਹਾਂ ਤੋਂ ਪਛਾਣ ਅਤੇ ਦਸਤਾਵੇਜ਼ ਮੰਗੇ ਗਏ ਤਾਂ ਉਨ੍ਹਾਂ ਦੇ ਪੁਲਿਸ ਅਧਿਕਾਰੀ ਹੋਣ ਸਬੰਧੀ ਦਾਅਵੇ ਸ਼ੱਕੀ ਪਾਏ ਗਏ। ਜਾਂਚ ਵਿੱਚ ਕਰਨਵੀਰ ਵੱਲੋਂ ਕਥਿਤ ਤੌਰ ’ਤੇ ਫਰਜ਼ੀ DSP ਬਣ ਕੇ ਘੁੰਮਣ ਦੀ ਗੱਲ ਸਾਹਮਣੇ ਆਈ ਸੀ। ਉਸ ਦੇ ਨਾਲ ਮੌਜੂਦ ਨੌਜਵਾਨ ਖ਼ਿਲਾਫ਼ ਵੀ ਪੁਲਿਸ ਨੇ ਕਾਰਵਾਈ ਕੀਤੀ ਸੀ।
ਗਨਮੈਨ ਲੈਣ ਲਈ ਧਮਕੀਆਂ ਦਿਵਾਉਣ ਦਾ ਵੀ ਦੋਸ਼
ਕਰਨਵੀਰ ਖ਼ਿਲਾਫ਼ ਦੋਰਾਹਾ ਥਾਣਾ ਖੇਤਰ ਵਿੱਚ ਵੀ ਇੱਕ ਮਾਮਲਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਦੋਸ਼ ਸੀ ਕਿ ਉਸ ਨੇ ਖੁਦ ਨੂੰ ਧਮਕੀਆਂ ਦਿਵਾ ਕੇ ਪੁਲਿਸ ਤੋਂ ਸੁਰੱਖਿਆ ਅਤੇ ਗਨਮੈਨ ਲੈਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਇਸ ਮਾਮਲੇ ਦੀ ਜਾਂਚ ਕੀਤੀ ਸੀ।
ਕਬੱਡੀ ਨਾਲ ਜੁੜੇ ਪਰਿਵਾਰ ਨਾਲ ਸਬੰਧ
ਕਰਨਵੀਰ ਦਾ ਸਬੰਧ ਕਬੱਡੀ ਨਾਲ ਜੁੜੇ ਇੱਕ ਚਰਚਿਤ ਪਰਿਵਾਰ ਨਾਲ ਦੱਸਿਆ ਜਾਂਦਾ ਹੈ ਅਤੇ ਉਹ ਖੁਦ ਵੀ ਖਿਡਾਰੀ ਰਹਿ ਚੁੱਕਾ ਹੈ। ਪੁਰਾਣੇ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹੁਣ ਫਰਜ਼ੀ DSP ਬਣ ਕੇ ਘੁੰਮਣ, ਵੱਖ-ਵੱਖ ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਹੋਰ ਮਾਮਲਿਆਂ ਵਿੱਚ ਉਸ ਦੀ ਕਥਿਤ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।







