ਵੱਡੀ ਰਾਹਤ! ਅੱਜ ਨਹੀਂ ਹੋਵੇਗੀ ਬੈਂਕ ਕਰਮਚਾਰੀਆਂ ਦੀ ਹੜਤਾਲ! ਸਰਕਾਰ ਨੇ ਮੰਗਾਂ ਮੰਨੀਆਂ
ਨਵੀਂ ਦਿੱਲੀ 28 ਸਤੰਬਰ 2026
ਬੈਂਕ ਕਰਮਚਾਰੀਆਂ ਵੱਲੋਂ ਅੱਜ ਸੋਮਵਾਰ ਤੋਂ ਕੀਤੀ ਜਾਣ ਵਾਲੀ ਤਿੰਨ ਦਿਨਾਂ ਦੇਸ਼-ਵਿਆਪੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਭਾਰਤੀ ਬੈਂਕ ਸੰਘ (IBA) ਵੱਲੋਂ ਕਰਮਚਾਰੀ ਜਥੇਬੰਦੀਆਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਹੜਤਾਲ ਦਾ ਸੱਦਾ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਵੱਲੋਂ ਦਿੱਤਾ ਗਿਆ ਸੀ। ਇਹ ਹੜਤਾਲ ਛਿਮਾਹੀ ਲੇਖਾ-ਬੰਦੀ ਦੇ ਸਮੇਂ ਹੋਣ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਸੀ।
ਹੜਤਾਲ ਮੁਲਤਵੀ ਹੋਣ ਨਾਲ ਸੋਮਵਾਰ ਨੂੰ ਦੇਸ਼ ਭਰ ਦੇ ਬੈਂਕ ਆਮ ਤੌਰ ’ਤੇ ਕੰਮਕਾਜ ਕਰਨਗੇ। ਬੈਂਕ ਕਰਮਚਾਰੀ ਲੰਮੇ ਸਮੇਂ ਤੋਂ ਹਫ਼ਤੇ ਵਿੱਚ ਪੰਜ ਦਿਨ ਕੰਮਕਾਜ ਅਤੇ ਬਾਕੀ ਸ਼ਨੀਵਾਰ ਵਾਲੇ ਦਿਨਾਂ ਨੂੰ ਛੁੱਟੀ ਦੇਣ ਦੀ ਮੰਗ ਕਰ ਰਹੇ ਹਨ।
UFBU ਨੇ ਦੱਸਿਆ ਕਿ IBA ਅਤੇ UFBU ਦੀ ਇੱਕ ਉੱਚ-ਪੱਧਰੀ ਕਮੇਟੀ ਤੁਰੰਤ ਕਾਇਮ ਕੀਤੀ ਜਾਵੇਗੀ। ਇਹ ਕਮੇਟੀ ਛੁੱਟੀ ਐਲਾਨਣ ਦੇ ਮੁੱਦੇ ’ਤੇ ਵਿਚਾਰ-ਵਟਾਂਦਰਾ ਕਰੇਗੀ। ਕਮੇਟੀ ਸਾਰੇ ਸੰਬੰਧਤ ਧਿਰਾਂ ਨਾਲ ਚਰਚਾ ਕਰਕੇ ਅਜਿਹਾ ਹੱਲ ਤਿਆਰ ਕਰਨ ਦੀ ਕੋਸ਼ਿਸ਼ ਕਰੇਗੀ, ਜੋ ਕਰਮਚਾਰੀਆਂ ਦੇ ਨਾਲ-ਨਾਲ ਬੈਂਕ ਗਾਹਕਾਂ ਲਈ ਵੀ ਸਵੀਕਾਰਯੋਗ ਹੋਵੇ। ਇਸ ਭਰੋਸੇ ਤੋਂ ਬਾਅਦ ਬੈਂਕ ਯੂਨੀਅਨਾਂ ਨੇ ਹੜਤਾਲ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।







