ਪਸ਼ੂ ਪਾਲਣ ਵਿਭਾਗ ਵੱਲੋਂ ਸਿਵਲ ਪਸ਼ੂ ਹਸਪਤਾਲ ਸਨੌਰ ਵਿਖੇ ਮੁਫ਼ਤ ਐਂਟੀ-ਰੈਬੀਜ਼ ਵੈਕਸੀਨੇਸ਼ਨ ਕੈਂਪ

Top Trending News ਪੰਜਾਬ

ਪਸ਼ੂ ਪਾਲਣ ਵਿਭਾਗ ਵੱਲੋਂ ਸਿਵਲ ਪਸ਼ੂ ਹਸਪਤਾਲ ਸਨੌਰ ਵਿਖੇ ਮੁਫ਼ਤ ਐਂਟੀ-ਰੈਬੀਜ਼ ਵੈਕਸੀਨੇਸ਼ਨ ਕੈਂਪ

ਪਟਿਆਲਾ, 28 ਸਤੰਬਰ:

ਪਸ਼ੂਆਂ ਦੀ ਸਿਹਤ ਅਤੇ ਜਨਤਕ ਸੁਰੱਖਿਆ ਨੂੰ ਸਮਰਪਿਤ ਇੱਕ ਮਹੱਤਵਪੂਰਨ ਪਹਿਲਕਦਮੀ ਤਹਿਤ, ਪਸ਼ੂ ਪਾਲਣ ਵਿਭਾਗ, ਜ਼ਿਲ੍ਹਾ ਪਟਿਆਲਾ ਵੱਲੋਂ ਸਿਵਲ ਪਸ਼ੂ ਹਸਪਤਾਲ (ਸੀ.ਵੀ.ਐਚ.), ਸਨੌਰ ਵਿਖੇ ਇੱਕ ਮੁਫ਼ਤ ਐਂਟੀ-ਰੈਬੀਜ਼ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।

ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਆਦੇਸ਼ਾਂ, ਪ੍ਰਮੁੱਖ ਸਕੱਤਰ (ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ) ਰਾਹੁਲ ਭੰਡਾਰੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਪਰਮਦੀਪ ਸਿੰਘ ਵਾਲੀਆ ਦੀ ਰਹਿਨੁਮਾਈ ਹੇਠ ਲਗਾਏ ਇਸ ਕੈਂਪ ਦਾ ਮੁੱਖ ਉਦੇਸ਼ ਇਲਾਕੇ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਜਾਨਲੇਵਾ ਬਿਮਾਰੀ ਰੈਬੀਜ਼ ਦੀ ਰੋਕਥਾਮ ਅਤੇ ਵੈਕਸੀਨ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਪਾਲਤੂ ਜਾਨਵਰਾਂ ਦੀ ਦੇਖਭਾਲ ਪ੍ਰਤੀ ਜਾਗਰੂਕਤਾ ਫੈਲਾਉਣਾ ਸੀ।

ਪਸ਼ੂ ਪਾਲਣ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਸੋਨਿੰਦਰ ਕੌਰ ਅਤੇ ਸੀਨੀਅਰ ਵੈਟਰਨਰੀ ਅਫ਼ਸਰ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਸਨੌਰ ਅਤੇ ਆਸ-ਪਾਸ ਦੇ ਪਿੰਡਾਂ ਤੋਂ ਲਿਆਂਦੇ ਗਏ ਵੱਡੀ ਗਿਣਤੀ ਵਿੱਚ ਕੁੱਤਿਆਂ ਅਤੇ ਬਿੱਲੀਆਂ ਨੂੰ ਮੁਫ਼ਤ ਐਂਟੀ-ਰੈਬੀਜ਼ ਟੀਕੇ ਲਗਾਏ ਗਏ।

ਡਾ. ਸੋਨਿੰਦਰ ਕੌਰ ਨੇ ਦੱਸਿਆ ਕਿ ਜਾਨਵਰਾਂ ਨੂੰ ਰੈਬੀਜ਼ ਵਰਗੀ ਜਾਨਲੇਵਾ ਬਿਮਾਰੀ ਤੋਂ ਬਚਾਉਣ ਲਈ ਹਰ ਸਾਲ ਵੈਕਸੀਨ ਲਗਵਾਉਣਾ ਅਤਿ ਜ਼ਰੂਰੀ ਹੈ। ਪਾਲਤੂ ਜਾਨਵਰਾਂ ਦਾ ਬਚਾਅ ਕਰਨ ਨਾਲ ਮਨੁੱਖੀ ਜਾਨਾਂ ਦੀ ਸੁਰੱਖਿਆ ਵੀ ਯਕੀਨੀ ਹੁੰਦੀ ਹੈ।

ਇਸ ਕੈਂਪ ਦਾ ਮੁੱਖ ਪ੍ਰਬੰਧ ਸਟੇਸ਼ਨ ਇੰਚਾਰਜ ਡਾ. ਮੋਹਿਤ ਸਿੰਘ (ਵੈਟਰਨਰੀ ਅਫ਼ਸਰ, ਸੀ.ਵੀ.ਐਚ. ਸਨੌਰ) ਨੇ ਸਨੌਰ ਕਲੱਸਟਰ ਦੇ ਸਮੂਹ ਵੈਟਰਨਰੀ ਇੰਸਪੈਕਟਰਾਂ ਸਰਬਜੀਤ ਸਿੰਘ (ਸੀ.ਵੀ.ਐਚ. ਸਨੌਰ), ਕਸ਼ਿਸ਼ ਗਰੋਵਰ (ਸੀ.ਵੀ.ਡੀ. ਬੱਤਾ), ਰਾਹੁਲ (ਸੀ.ਵੀ.ਡੀ. ਉਦੈਪੁਰ) ਅਤੇ ਗਗਨਦੀਪ (ਸੀ.ਵੀ.ਡੀ. ਨੂਰਖੇੜੀਆਂ) ਸਮੇਤ ਦਰਜਾ ਚਾਰ ਸੰਜੀਵ ਕੁਮਾਰ, ਏ.ਆਈ. ਵਰਕਰ ਰਣਜੀਤ (ਫ਼ਤੇਹ ਮੈਡੀਕਲ ਹਾਲ, ਸਨੌਰ) ਦੇ ਸਹਿਯੋਗ ਨਾਲ ਕੀਤਾ ਗਿਆ।

ਇਸ ਮੌਕੇ ਇਲਾਕੇ ਦੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਪੈਟ ਮਾਲਕਾਂ ਨੇ ਇਸ ਉਪਰਾਲੇ ਪ੍ਰਤੀ ਭਾਰੀ ਉਤਸ਼ਾਹ ਦਿਖਾਇਆ ਅਤੇ ਪਸ਼ੂ ਪਾਲਣ ਵਿਭਾਗ ਦਾ ਧੰਨਵਾਦ ਕੀਤਾ। ਲੋਕਾਂ ਨੇ ਕਿਹਾ ਕਿ ਅਜਿਹੇ ਕੈਂਪਾਂ ਨਾਲ ਪੇਂਡੂ ਖੇਤਰਾਂ ਵਿੱਚ ਜਾਨਵਰਾਂ ਦੀ ਸਿਹਤ ਸੰਭਾਲ ਆਸਾਨ ਹੋ ਜਾਂਦੀ ਹੈ। ਵਿਭਾਗ ਨੇ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਅਤੇ ਵੈਕਸੀਨੇਸ਼ਨ ਕੈਂਪ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ।