ਬਹਿਰੀਨ ਵਾਲੀ ਬੀਬੀ ਦਾ ਮਾਮਲਾ: ਧਾਮੀ ਨੇ ਸਰਾਵਾਂ ਦੇ ਰਜਿਸਟਰ ਪੇਸ਼ ਕਰਕੇ 6 ਮਹੀਨੇ ਠਹਿਰਨ ਦੇ ਦਾਅਵੇ ਨੂੰ ਦੱਸਿਆ ਝੂਠਾ

Top Trending News ਪੰਜਾਬ

ਬਹਿਰੀਨ ਵਾਲੀ ਬੀਬੀ ਦਾ ਮਾਮਲਾ: ਧਾਮੀ ਨੇ ਸਰਾਵਾਂ ਦੇ ਰਜਿਸਟਰ ਪੇਸ਼ ਕਰਕੇ 6 ਮਹੀਨੇ ਠਹਿਰਨ ਦੇ ਦਾਅਵੇ ਨੂੰ ਦੱਸਿਆ ਝੂਠਾ

ਅੰਮ੍ਰਿਤਸਰ, 6 ਅਕਤੂਬਰ 2026: ਚਰਚਿਤ ‘ਬਹਿਰੀਨ ਵਾਲੀ ਬੀਬੀ’ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੱਡਾ ਖ਼ੁਲਾਸਾ ਕਰਦਿਆਂ ਵੱਖ-ਵੱਖ ਸਰਾਵਾਂ ਦੇ ਅਸਲ ਰਜਿਸਟਰਾਂ ਦੀਆਂ ਐਂਟਰੀਆਂ ਮੀਡੀਆ ਸਾਹਮਣੇ ਪੇਸ਼ ਕੀਤੀਆਂ ਹਨ। ਧਾਮੀ ਨੇ ਵਿਰੋਧੀਆਂ ਵੱਲੋਂ ਔਰਤ ਦੇ ਲਗਾਤਾਰ ਛੇ ਮਹੀਨੇ ਸਰਾਵਾਂ ਵਿੱਚ ਠਹਿਰਨ ਸਬੰਧੀ ਲਾਏ ਜਾ ਰਹੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ।

ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਦੌਰਾਨ ਧਾਮੀ ਨੇ ਤਾਰੀਖ਼ਵਾਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ ਸਬੰਧਤ ਬੀਬੀ ਦੇ ਵੱਖ-ਵੱਖ ਸਮਿਆਂ ਦੌਰਾਨ ਕਮਰਾ ਨੰਬਰ 38, 36 ਅਤੇ 20 ਵਿੱਚ ਠਹਿਰਨ ਦੀਆਂ ਐਂਟਰੀਆਂ ਦਰਜ ਹਨ। ਇਨ੍ਹਾਂ ਵਿੱਚ 7 ਤੋਂ 9 ਦਸੰਬਰ, 9 ਤੋਂ 11 ਦਸੰਬਰ, 9 ਤੋਂ 21 ਦਸੰਬਰ, 28 ਤੋਂ 29 ਦਸੰਬਰ, 30 ਦਸੰਬਰ ਤੋਂ 1 ਜਨਵਰੀ, 22 ਤੋਂ 24 ਜਨਵਰੀ ਅਤੇ 1 ਤੋਂ 4 ਫਰਵਰੀ ਤੱਕ ਦੇ ਠਹਿਰਾਅ ਸ਼ਾਮਲ ਹਨ।

ਉਨ੍ਹਾਂ ਮੁਤਾਬਕ ਇਨ੍ਹਾਂ ਠਹਿਰਾਵਾਂ ਦੌਰਾਨ 1,000 ਤੋਂ 1,500 ਰੁਪਏ ਤੱਕ ਦਾ ਨਿਰਧਾਰਤ ਕਿਰਾਇਆ ਅਦਾ ਕੀਤਾ ਗਿਆ ਅਤੇ ਰਜਿਸਟਰ ਵਿੱਚ 2 ਤੋਂ 7 ਵਿਅਕਤੀਆਂ ਦੀ ਮੌਜੂਦਗੀ ਦਰਜ ਹੈ। ਇਸ ਤੋਂ ਇਲਾਵਾ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਵਿੱਚ ਵੀ ਮਾਰਚ, ਅਪ੍ਰੈਲ, ਜੂਨ ਅਤੇ ਜੁਲਾਈ ਦੌਰਾਨ ਸਿਰਫ਼ ਇੱਕ-ਦੋ ਦਿਨਾਂ ਦੀਆਂ ਵੱਖ-ਵੱਖ ਐਂਟਰੀਆਂ ਹੋਣ ਦੀ ਗੱਲ ਧਾਮੀ ਨੇ ਦੱਸੀ।

ਧਾਮੀ ਨੇ ਕਿਹਾ ਕਿ ਸਾਰੇ ਰਿਕਾਰਡ ਨਿਯਮਾਂ ਅਨੁਸਾਰ ਕਿਰਾਇਆ ਅਦਾ ਕਰਕੇ ਠਹਿਰਨ ਨਾਲ ਸਬੰਧਤ ਹਨ ਅਤੇ ਸਰਾਵਾਂ ਦੇ ਅਸਲ ਰਜਿਸਟਰਾਂ ਦੀਆਂ ਕਾਪੀਆਂ ਪੁਲਿਸ ਨੂੰ ਵੀ ਸੌਂਪੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਛੇ ਮਹੀਨੇ ਲਗਾਤਾਰ ਠਹਿਰਨ ਦੇ ਦੋਸ਼ ਰਿਕਾਰਡ ਦੀ ਪੜਤਾਲ ਤੋਂ ਬਾਅਦ ਖਾਰਜ ਹੁੰਦੇ ਹਨ। ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਜਾਂਚ ਜਾਰੀ ਹੈ ਅਤੇ ਸਾਰੇ ਤੱਥ ਸੰਗਤ ਸਾਹਮਣੇ ਰੱਖੇ ਜਾ ਰਹੇ ਹਨ।