- ਸਾਊਦੀ ਅਰਬ ਵਿੱਚ ਸਿਰ ਕਲਮ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜਾਬੀ ਨੌਜਵਾਨਾਂ ਦੇ ਪਰਿਵਾਰ ਨਾਲ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕੀਤੀ ਮੁਲਾਕਾਤ
- ਸੁਰੱਖਿਅਤ ਘਰ ਵਾਪਸੀ ਲਈ ਪਰਿਵਾਰਾਂ ਤੇ ਆਗੂਆਂ ਦੀ ਅਪੀਲ
ਸ਼੍ਰੀ ਚਮਕੌਰ ਸਾਹਿਬ/ਮੋਰਿੰਡਾ 14 ਅਕਤੂਬਰ (ਭਟੋਆ): ਸਾਊਦੀ ਅਰਬ ਵਿਖੇ ਇੱਕ ਮੰਦਭਾਗੀ ਘਟਨਾ ਦੌਰਾਨ ਹੋਏ ਕਤਲ ਦੇ ਮਾਮਲੇ ਵਿੱਚ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਬਰਸਾਲਪੁਰ ਦੇ ਨੌਜਵਾਨ ਗੁਰਦੀਪ ਸਿੰਘ ਅਤੇ ਹਲਕਾ ਸਮਰਾਲਾ ਦੇ ਪਿੰਡ ਮਾਣਕੀ ਦੇ ਨੌਜਵਾਨ ਸੁਖਚੈਨ ਸਿੰਘ ਨੂੰ ਸਿਰ ਕਲਮ ਦੀ ਸਜ਼ਾ ਸੁਣਾਈ ਗਈ ਹੈ। ਇਸ ਖ਼ਬਰ ਕਾਰਨ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਵਿੱਚ ਭਾਰੀ ਬੇਚੈਨੀ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਬੱਚਿਆਂ ਦੀ ਸਹੀ-ਸਲਾਮਤ ਅਤੇ ਤੰਦਰੁਸਤ ਘਰ ਵਾਪਸੀ ਦੀ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ।
ਇਸ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਪਿੰਡ ਬਰਸਾਲਪੁਰ ਵਿਖੇ ਗੁਰਦੀਪ ਸਿੰਘ ਦੇ ਪਿਤਾ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਬੱਚਿਆਂ ਦੀ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ।
ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਜਾਣਕਾਰੀ ਵਿੱਚ ਹੈ ਅਤੇ ਉਹ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਯਤਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੀ ਤਰਫ਼ੋਂ ਵੀ ਵਿਧਾਇਕ ਵਜੋਂ ਇੱਕ ਅਲੱਗ ਕੇਸ ਤਿਆਰ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਇਸ ਸਬੰਧ ਵਿੱਚ ਵਿਦੇਸ਼ ਮੰਤਰਾਲੇ ਨਾਲ ਵੀ ਲਗਾਤਾਰ ਸੰਪਰਕ ਸਾਧ ਰਹੀ ਹੈ। ਉਨ੍ਹਾਂ ਸਾਊਦੀ ਅਰਬ ਵਿੱਚ ਰਹਿ ਰਹੇ ਸਮੂਹ ਪੰਜਾਬੀਆਂ ਅਤੇ ਹਿੰਦੁਸਤਾਨੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਬਣਦੀ ਮੱਦਦ ਕਰਨ ਅਤੇ ਲੋੜ ਪੈਣ ‘ਤੇ ਉਨ੍ਹਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਚਰਨਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਇਸ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਜਾ ਰਹੇ ਹਨ।
ਗੁਰਦੀਪ ਸਿੰਘ ਦੇ ਪਿਤਾ ਜਰਨੈਲ ਸਿੰਘ ਬਰਸਾਲਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਫ਼ੋਨ ਆਇਆ ਸੀ ਕਿ ਗੁਰਦੀਪ ਸਿੰਘ ਨੂੰ ਸਿਰ ਕਲਮ ਕੀਤੇ ਜਾਣ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੀ ਆਖਰੀ ਤਾਰੀਖ 29 ਅਕਤੂਬਰ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਇਸ ਤਾਰੀਖ ਵਿੱਚ ਸਿਰਫ਼ 15 ਦਿਨ ਹੀ ਬਾਕੀ ਰਹਿ ਗਏ ਹਨ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਸਹੀ-ਸਲਾਮਤ ਅਤੇ ਤੰਦਰੁਸਤ ਘਰ ਪਹੁੰਚਾਉਣ ਦਾ ਤੁਰੰਤ ਇੰਤਜ਼ਾਮ ਕੀਤਾ ਜਾਵੇ।
ਇਸੇ ਦੌਰਾਨ ਪਿੰਡ ਵਾਸੀਆ ਮੰਗਲਜੀਤ ਸਿੰਘ ਤੇ ਹੋਰਨਾ ਨੇ ਵੀ ਦੋਵਾਂ ਬੱਚਿਆਂ ਦੇ ਪਰਿਵਾਰਾਂ ਦੀ ਹਾਲਤ ਬਾਰੇ ਦੱਸਦਿਆਂ ਸਾਊਦੀ ਅਰਬ ਵਿੱਚ ਮੌਜੂਦ ਸਮੂਹ ਪੰਜਾਬੀਆਂ ਤੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਜਿਸ ਤਰ੍ਹਾਂ ਵੀ ਸੰਭਵ ਹੋ ਸਕੇ, ਮਦਦ ਕੀਤੀ ਜਾਵੇ। ਉਨ੍ਹਾਂ ਵਿਧਾਇਕ ਡਾ. ਚਰਨਜੀਤ ਸਿੰਘ ਰਾਹੀਂ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਬੱਚਿਆਂ ਦੀ ਘਰ ਵਾਪਸੀ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ।
ਇਸ ਮੌਕੇ ਤੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰਕੇ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਅਤੇ ਸਿਰ ਕਲਮ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਇਨ੍ਹਾਂ ਬੱਚਿਆਂ ਦੀ ਸੁਰੱਖਿਅਤ ਘਰ ਵਾਪਸੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਤੇ ਉਹਨਾਂ ਦੇ ਨਾਲ ਨਗਰ ਕੌਂਸਲ ਚਮਕੌਰ ਸਾਹਿਬ ਦੇ ਪ੍ਰਧਾਨ ਸ੍ਰੀ ਵਿਸ਼ਾਲ ਕਸ਼ਯਪ, ਰਾਜਨੀਤਿਕ ਸਲਾਹਕਾਰ ਜਗਤਾਰ ਸਿੰਘ ਘੜੂੰਆਂ ਅਤੇ ਮੀਡੀਆ ਇੰਚਾਰਜ ਜਗਤਾਰ ਸਿੰਘ ਸਹੇੜੀ ਵੀ ਹਾਜ਼ਰ ਸਨ।







