- ਸਾਬਕਾ SI ਨੇ ਆਪਣੇ ਇਕਲੌਤੇ ਪੁੱਤਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਜੀਂਦ: 15 ਅਕਤੂਬਰ (ਦੇਸ਼ ਕਲਿੱਕ ਬਿਊਰੋ): ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਚੰਡੀਗੜ੍ਹ ਪੁਲਿਸ ਦੇ ਸਾਬਕਾ ਸਬ-ਇੰਸਪੈਕਟਰ ਨੇ ਆਪਣੇ ਇਕਲੌਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਦਾ ਕਾਰਨ ਜਾਇਦਾਦ ਦਾ ਵਿਵਾਦ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਮੁਰਾਰੀ (26) ਵਜੋਂ ਹੋਈ ਹੈ, ਜਦਕਿ ਮੁਲਜ਼ਮ ਪਿਤਾ ਦੀ ਪਛਾਣ ਮਦਨ ਲਾਲ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ, ਮਦਨ ਲਾਲ ਬੁੱਧਵਾਰ ਨੂੰ ਆਪਣੇ ਪੁੱਤਰ ਮੁਰਾਰੀ ਨਾਲ ਜੀਂਦ ਦੇ ਪਿੰਡ ਤਲੌੜਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਇਆ ਸੀ। ਉੱਥੇ ਜ਼ਮੀਨ ਵੇਚਣ ਦੀ ਗੱਲ ਨੂੰ ਲੈ ਕੇ ਪਿਓ-ਪੁੱਤ ਵਿਚਾਲੇ ਝਗੜਾ ਹੋ ਗਿਆ। ਦੇਰ ਰਾਤ ਦੋਵਾਂ ਵਿਚਾਲੇ ਮੁੜ ਵਿਵਾਦ ਹੋਇਆ, ਜਿਸ ਦੌਰਾਨ ਮਦਨ ਲਾਲ ਨੇ ਮੁਰਾਰੀ ’ਤੇ ਸੱਤ ਰਾਊਂਡ ਫਾਇਰ ਕੀਤੇ। ਰਿਪੋਰਟਾਂ ਮੁਤਾਬਕ, ਮੁਰਾਰੀ ਦੇ ਸਰੀਰ ਵਿੱਚੋਂ ਚਾਰ ਗੋਲੀਆਂ ਕੱਢੀਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਚੰਡੀਗੜ੍ਹ ਵਿੱਚ ਚਲਾਉਂਦੇ ਸਨ ਕਾਰੋਬਾਰ
ਦੱਸਿਆ ਜਾ ਰਿਹਾ ਹੈ ਕਿ ਮਦਨ ਲਾਲ ਪਹਿਲਾਂ ਚੰਡੀਗੜ੍ਹ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਸੀ। ਨੌਕਰੀ ਛੱਡਣ ਤੋਂ ਬਾਅਦ ਉਸ ਨੇ ਚੰਡੀਗੜ੍ਹ ਵਿੱਚ ਘਿਓ ਦੀ ਫੈਕਟਰੀ ਸ਼ੁਰੂ ਕੀਤੀ ਸੀ, ਜਿਸ ਵਿੱਚ ਮੁਰਾਰੀ ਵੀ ਉਸ ਨਾਲ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਚੰਡੀਗੜ੍ਹ ਵਿੱਚ ਇੱਕ ਹੋਟਲ ਵੀ ਸ਼ੁਰੂ ਕੀਤਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।







