ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਵਪਾਰੀ ’ਤੇ ਗੋਲੀ ਚਲਾਉਣ ਵਾਲੇ 5 ਘੰਟਿਆਂ ’ਚ ਕਾਬੂ, ਯੂਕੇ ਬੈਠੇ ਫਰਜ਼ੀ ਗੈਂਗਸਟਰ ਦੇ ਸਾਥੀ ਦੀ ਵੀ ਗ੍ਰਿਫ਼ਤਾਰੀ

Top Trending News ਪੰਜਾਬ

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਵਪਾਰੀ ’ਤੇ ਗੋਲੀ ਚਲਾਉਣ ਵਾਲੇ 5 ਘੰਟਿਆਂ ’ਚ ਕਾਬੂ, ਯੂਕੇ ਬੈਠੇ ਫਰਜ਼ੀ ਗੈਂਗਸਟਰ ਦੇ ਸਾਥੀ ਦੀ ਵੀ ਗ੍ਰਿਫ਼ਤਾਰੀ

ਅੰਮ੍ਰਿਤਸਰ, 15 ਅਕਤੂਬਰ: ਅੰਮ੍ਰਿਤਸਰ ਵਿੱਚ ਕੱਪੜਾ ਵਪਾਰੀ ’ਤੇ ਗੋਲੀ ਚਲਾ ਕੇ ਨਕਦੀ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਵਾਰਦਾਤ ਤੋਂ ਕਰੀਬ ਪੰਜ ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ, ਕਾਰੋਬਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜੋ ਕਥਿਤ ਤੌਰ ’ਤੇ ਯੂਕੇ ਵਿੱਚ ਬੈਠੇ ਇੱਕ ਵਿਅਕਤੀ ਨੂੰ ਕਾਰੋਬਾਰੀਆਂ ਦੇ ਮੋਬਾਈਲ ਨੰਬਰ ਮੁਹੱਈਆ ਕਰਵਾਉਂਦਾ ਸੀ। ਇਹ ਜਾਣਕਾਰੀ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

ਪੁਲਿਸ ਕਮਿਸ਼ਨਰ ਅਨੁਸਾਰ, ਗੁਰਦੁਆਰਾ ਸ਼ਹੀਦ ਗੰਜ ਨੇੜੇ ਕਰੋੜੀ ਚੌਕ ਵਿਖੇ ਕੱਪੜਾ ਵਪਾਰੀ ਵਿਸ਼ਾਲ ਭਾਟੀਆ ਆਪਣੀ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਕੁਝ ਵਿਅਕਤੀਆਂ ਨੇ ਉਨ੍ਹਾਂ ਕੋਲੋਂ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਗੋਲੀ ਚਲਾ ਦਿੱਤੀ, ਜੋ ਵਪਾਰੀ ਦੀ ਲੱਤ ਵਿੱਚ ਲੱਗੀ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰਦਿਆਂ ਪ੍ਰਿੰਸ ਕੁਮਾਰ ਉਰਫ਼ ਮਾਡਲ, ਗੁਰਪ੍ਰਿੰਸਦੀਪ, ਰਾਹੁਲ ਸਿੰਘ ਅਤੇ ਦਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕੋਲੋਂ 32 ਬੋਰ ਦਾ ਪਿਸਤੌਲ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਪੁਲਿਸ ਮੁਤਾਬਕ, ਗ੍ਰਿਫ਼ਤਾਰ ਮੁਲਜ਼ਮਾਂ ਦੀ ਕਥਿਤ ਸ਼ਮੂਲੀਅਤ ਸਨੈਚਿੰਗ ਦੀਆਂ ਦੋ ਵਾਰਦਾਤਾਂ, ਚਾਟੀਵਿੰਡ ਸਥਿਤ ਨਿਆਰਾ ਪੈਟਰੋਲ ਪੰਪ ’ਤੇ ਲੁੱਟ ਅਤੇ ਸਾਹਿਲ ਮੈਡੀਕਲ ਸਟੋਰ ’ਤੇ ਝਪਟਮਾਰੀ ਸਮੇਤ ਹੋਰ ਮਾਮਲਿਆਂ ਵਿੱਚ ਵੀ ਸਾਹਮਣੇ ਆਈ ਹੈ। ਪੁਲਿਸ ਕਮਿਸ਼ਨਰ ਨੇ ਤੇਜ਼ ਕਾਰਵਾਈ ਲਈ ਸਬੰਧਤ ਪੁਲਿਸ ਟੀਮ ਦੀ ਸ਼ਲਾਘਾ ਕੀਤੀ।

ਯੂਕੇ ਤੋਂ ਫਰਜ਼ੀ ਗੈਂਗਸਟਰ ਬਣ ਕੇ ਫਿਰੌਤੀ ਮੰਗਣ ਦਾ ਮਾਮਲਾ

ਇੱਕ ਹੋਰ ਮਾਮਲੇ ਵਿੱਚ ਪੁਲਿਸ ਨੇ ਯਾਦਵਿੰਦਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਹ ਪਹਿਲਾਂ ਪੁਨੀਤ ਅਗਰਵਾਲ ਕੋਲ ਕੰਮ ਕਰਦਾ ਸੀ ਅਤੇ ਯੂਕੇ ਵਿੱਚ ਬੈਠੇ ਆਪਣੇ ਸਾਥੀ ਨੂੰ ਕਾਰੋਬਾਰੀਆਂ ਦੇ ਮੋਬਾਈਲ ਨੰਬਰ ਮੁਹੱਈਆ ਕਰਵਾਉਂਦਾ ਸੀ। ਬਦਲੇ ਵਿੱਚ ਉਸ ਨੂੰ ਕਥਿਤ ਤੌਰ ’ਤੇ ਪ੍ਰਤੀ ਨੰਬਰ 20 ਹਜ਼ਾਰ ਰੁਪਏ ਮਿਲਦੇ ਸਨ। ਪੁਲਿਸ ਅਨੁਸਾਰ, ਵਿਦੇਸ਼ ਵਿੱਚ ਬੈਠਾ ਵਿਅਕਤੀ ਗੈਂਗਸਟਰ ਡੋਨੀ ਬੱਲ ਦਾ ਨਾਂ ਵਰਤ ਕੇ ਕਾਰੋਬਾਰੀਆਂ ਨੂੰ ਧਮਕੀਆਂ ਦਿੰਦਾ ਅਤੇ ਫਿਰੌਤੀ ਮੰਗਦਾ ਸੀ। ਹੁਣ ਤੱਕ ਅਜਿਹੇ ਤਿੰਨ ਮਾਮਲੇ ਸਾਹਮਣੇ ਆਏ ਹਨ ਅਤੇ ਜਾਂਚ ਜਾਰੀ ਹੈ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇਕਰ ਵਿਦੇਸ਼ ਵਿੱਚ ਬੈਠੇ ਮੁਲਜ਼ਮ ਕੋਲ ਭਾਰਤੀ ਪਾਸਪੋਰਟ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਨੂੰ ਵਾਪਸ ਭਾਰਤ ਲਿਆਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਫਿਰੌਤੀ ਜਾਂ ਧਮਕੀ ਭਰੀ ਕਾਲ ਆਉਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਅਤੇ ਅਜਿਹੀਆਂ ਧਮਕੀਆਂ ਤੋਂ ਘਬਰਾਉਣ ਦੀ ਬਜਾਏ ਕਾਨੂੰਨ ਦੀ ਮਦਦ ਲੈਣ।