ਰਿਟਾਇਰਡ ਕਸਟਮ ਅਧਿਕਾਰੀ ਦੀ ਪੁੱਤ ਸਾਹਮਣੇ ਗੋਲੀਆਂ ਮਾਰ ਕੇ ਹੱਤਿਆ

Top Trending News ਰਾਸ਼ਟਰੀ
  • ਰਿਟਾਇਰਡ ਕਸਟਮ ਅਧਿਕਾਰੀ ਦੀ ਪੁੱਤ ਸਾਹਮਣੇ ਗੋਲੀਆਂ ਮਾਰ ਕੇ ਹੱਤਿਆ

ਨਵੀਂ ਦਿੱਲੀ, 15 ਅਕਤੂਬਰ (ਦੇਸ਼ ਕਲਿੱਕ ਬਿਊਰੋ): ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿੱਚ ਅਪਰਾਧੀਆਂ ਨੇ ਕਸਟਮ ਵਿਭਾਗ ਦੇ ਇੱਕ ਸੇਵਾਮੁਕਤ ਅਧਿਕਾਰੀ ਦੀ ਉਸ ਦੇ ਪੁੱਤਰ ਸਾਹਮਣੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਵੀਰਵਾਰ ਸਵੇਰੇ ਉਨ੍ਹਾਂ ਦੇ ਘਰ ਦੇ ਗੇਟ ਸਾਹਮਣੇ ਵਾਪਰੀ। ਹਮਲਾਵਰਾਂ ਨੇ ਕਰੀਬ 8 ਰਾਊਂਡ ਫਾਇਰਿੰਗ ਕੀਤੀ ਅਤੇ ਫਿਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਮੁਤਾਬਕ, ਹਮਲਾਵਰਾਂ ਦੀ ਪਛਾਣ ਹਾਲੇ ਨਹੀਂ ਹੋ ਸਕੀ। ਮ੍ਰਿਤਕ ਦੀ ਪਛਾਣ 67 ਸਾਲਾ ਰਾਮ ਕੁਮਾਰ ਸਿੰਘ ਵਜੋਂ ਹੋਈ ਹੈ, ਜੋ ਕਸਟਮ ਵਿਭਾਗ ਵਿੱਚ ਅਸਿਸਟੈਂਟ ਕਮਿਸ਼ਨਰ ਰਹਿ ਚੁੱਕੇ ਸਨ ਅਤੇ 2015 ਵਿੱਚ ਸੇਵਾਮੁਕਤ ਹੋਏ ਸਨ। ਗੋਲੀਆਂ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਸਵੇਰ ਦੀ ਸੈਰ ਲਈ ਨਿਕਲਣ ਸਮੇਂ ਹਮਲਾ
ਪਰਿਵਾਰ ਮੁਤਾਬਕ, ਰਾਮ ਕੁਮਾਰ ਸਿੰਘ ਹਰ ਰੋਜ਼ ਆਪਣੇ ਪੁੱਤਰ ਰਾਜੇਸ਼ ਕੁਮਾਰ ਨਾਲ ਨੇੜਲੇ ਮੈਦਾਨ ਵਿੱਚ ਸੈਰ ਕਰਨ ਜਾਂਦੇ ਸਨ। ਵੀਰਵਾਰ ਸਵੇਰੇ ਉਹ ਘਰ ਦੇ ਗੇਟ ਨੂੰ ਬੰਦ ਕਰ ਰਹੇ ਸਨ, ਜਦਕਿ ਉਨ੍ਹਾਂ ਦਾ ਪੁੱਤਰ ਕਾਰ ਵਿੱਚ ਸੀ। ਇਸੇ ਦੌਰਾਨ ਪਿੱਛੇ ਤੋਂ ਆਏ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ।

13 ਕੱਠਾ ਜ਼ਮੀਨ ਦੇ ਵਿਵਾਦ ’ਚ ਹੱਤਿਆ ਦਾ ਸ਼ੱਕ
ਪੁਲਿਸ ਨੂੰ ਮੁੱਢਲੀ ਜਾਂਚ ਦੌਰਾਨ ਜ਼ਮੀਨੀ ਵਿਵਾਦ ਕਾਰਨ ਹੱਤਿਆ ਕੀਤੇ ਜਾਣ ਦਾ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮ ਕੁਮਾਰ ਸਿੰਘ ਨੇ ਆਪਣੇ ਪੁੱਤਰ ਰਾਜੇਸ਼ ਕੁਮਾਰ ਦੇ ਨਾਂ ’ਤੇ 13 ਕੱਠਾ ਜ਼ਮੀਨ ਖਰੀਦੀ ਸੀ। ਦੋਸ਼ ਹਨ ਕਿ ਕੁਝ ਲੋਕ ਇਸ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਾਰਨ ਰਾਮ ਕੁਮਾਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਧਮਕੀਆਂ ਮਿਲ ਰਹੀਆਂ ਸਨ ਅਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਹਿਲਾਂ ਵੀ ਉਨ੍ਹਾਂ ’ਤੇ ਹਮਲਾ ਹੋ ਚੁੱਕਾ ਸੀ।

ਪਤਨੀ ਨੇ ਨਕਲੀ ਦਸਤਾਵੇਜ਼ ਬਣਾਉਣ ਦੇ ਲਾਏ ਦੋਸ਼
ਮ੍ਰਿਤਕ ਦੀ ਪਤਨੀ ਸੁਸ਼ਾਲੀ ਦੇਵੀ ਨੇ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਉਨ੍ਹਾਂ ਦੀ ਜ਼ਮੀਨ ਹੜੱਪਣ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ ਅਤੇ ਉਨ੍ਹਾਂ ਦੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਪੁਲਿਸ ਨੇ ਕਿਹਾ ਹੈ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਸੀਨੀਅਰ ਪੁਲਿਸ ਅਧਿਕਾਰੀ ਅਵਧੇਸ਼ ਦੀਕਸ਼ਿਤ ਅਤੇ ਸੁਸ਼ੀਲ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਮੁਤਾਬਕ, ਜ਼ਮੀਨੀ ਵਿਵਾਦ ਤੋਂ ਇਲਾਵਾ ਹੋਰ ਪਹਿਲੂਆਂ ਨੂੰ ਵੀ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਥਾਨਕ ਖੁਫ਼ੀਆ ਤੰਤਰ ਨੂੰ ਸਰਗਰਮ ਕਰ ਦਿੱਤਾ ਗਿਆ ਹੈ।