ਸਚਿਨ ਪਾਇਲਟ ਕੱਲ੍ਹ ਤੋਂ 20 ਅਕਤੂਬਰ ਤੱਕ ਪੰਜਾਬ ਦੌਰੇ ’ਤੇ, ਗੈਂਗਸਟਰ ਹਿੰਸਾ ਦੇ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ

Top Trending News ਪੰਜਾਬ
  • ਸਚਿਨ ਪਾਇਲਟ ਕੱਲ੍ਹ ਤੋਂ 20 ਅਕਤੂਬਰ ਤੱਕ ਪੰਜਾਬ ਦੌਰੇ ’ਤੇ, ਗੈਂਗਸਟਰ ਹਿੰਸਾ ਦੇ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
  • ਮੋਗਾ ਤੋਂ ਅੰਮ੍ਰਿਤਸਰ ਤੱਕ 11 ਜ਼ਿਲ੍ਹਿਆਂ ਦਾ ਕਰਨਗੇ ਦੌਰਾ, ਕਾਨੂੰਨ-ਵਿਵਸਥਾ ਬਾਰੇ ਵੀ ਜਾਣਨਗੇ ਲੋਕਾਂ ਦੀ ਰਾਏ

ਚੰਡੀਗੜ੍ਹ: 15 ਅਕਤੂਬਰ (ਦੇਸ਼ ਕਲਿੱਕ ਬਿਊਰੋ): ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ 16 ਤੋਂ 20 ਅਕਤੂਬਰ ਤੱਕ ਪੰਜ ਦਿਨਾਂ ਪੰਜਾਬ ਦੌਰੇ ’ਤੇ ਰਹਿਣਗੇ। ਇਸ ਦੌਰਾਨ ਉਹ ਗੈਂਗਸਟਰ ਹਿੰਸਾ ਅਤੇ ਵਿਗੜੀ ਕਾਨੂੰਨ-ਵਿਵਸਥਾ ਕਾਰਨ ਆਪਣੇ ਪਰਿਵਾਰਕ ਮੈਂਬਰ ਗੁਆਉਣ ਵਾਲੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ।

ਇਸ ਦੌਰੇ ਦਾ ਉਦੇਸ਼ ਹਿੰਸਾ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਪੀੜਾ ਜਾਣਨਾ ਅਤੇ ਸੂਬੇ ਦੀ ਕਾਨੂੰਨ-ਵਿਵਸਥਾ ਦੀ ਸਥਿਤੀ ਬਾਰੇ ਉਨ੍ਹਾਂ ਨਾਲ ਗੱਲਬਾਤ ਕਰਨਾ ਹੈ।

ਨਿਰਧਾਰਤ ਪ੍ਰੋਗਰਾਮ ਅਨੁਸਾਰ, ਸਚਿਨ ਪਾਇਲਟ ਮੋਗਾ, ਬਠਿੰਡਾ, ਮਾਨਸਾ, ਲੁਧਿਆਣਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਹਿੰਸਾ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ। ਪਾਇਲਟ ਦੇ ਇਸ ਦੌਰੇ ਨੂੰ ਪੰਜਾਬ ਵਿੱਚ ਗੈਂਗਸਟਰ ਹਿੰਸਾ ਅਤੇ ਕਾਨੂੰਨ-ਵਿਵਸਥਾ ਦੇ ਮੁੱਦੇ ’ਤੇ ਕਾਂਗਰਸ ਦੀ ਸਰਗਰਮੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।