- ਚੋਣ ਕਮਿਸ਼ਨ ਵੱਲੋਂ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀਆਂ ਅੱਪਡੇਟ ਕਰਨ ਦੇ ਹੁਕਮ
- 12 ਨਵੰਬਰ ਨੂੰ ਜਾਰੀ ਹੋਵੇਗੀ ਡਰਾਫਟ ਵੋਟਰ ਸੂਚੀ, 4 ਜਨਵਰੀ 2027 ਨੂੰ ਆਵੇਗੀ ਅੰਤਿਮ ਸੂਚੀ
ਨਵੀਂ ਦਿੱਲੀ: 15 ਅਕਤੂਬਰ (ਦੇਸ਼ ਕਲਿੱਕ ਬਿਊਰੋ): ਚੋਣ ਕਮਿਸ਼ਨ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਸਮੇਤ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੁਧਾਈ (ਅੱਪਡੇਟ) (SSR) ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਕਮਿਸ਼ਨ ਨੇ ਸਬੰਧਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਪੱਤਰ ਭੇਜਿਆ ਹੈ।
ਚੋਣ ਕਮਿਸ਼ਨ ਅਨੁਸਾਰ, ਇਸ ਪ੍ਰਕਿਰਿਆ ਤਹਿਤ ਵੋਟਰ ਸੂਚੀਆਂ ਵਿੱਚ ਨਵੇਂ ਨਾਮ ਸ਼ਾਮਲ ਕੀਤੇ ਜਾਣਗੇ ਅਤੇ ਪਹਿਲਾਂ ਦਰਜ ਜਾਣਕਾਰੀ ਵਿੱਚ ਗ਼ਲਤੀਆਂ ਠੀਕ ਕੀਤੀਆਂ ਜਾਣਗੀਆਂ। ਸਾਲ 2027 ਵਿੱਚ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਵੀ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਅਗਾਊਂ ਅਰਜ਼ੀ ਦੇ ਸਕਣਗੇ।
ਇਹ ਫ਼ੈਸਲਾ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੁਧਾਈ (SIR) ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਵਿਰੋਧ ਦਰਮਿਆਨ ਆਇਆ ਹੈ। ਰਿਪੋਰਟ ਮੁਤਾਬਕ, SIR ਦੌਰਾਨ 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਡਰਾਫਟ ਵੋਟਰ ਸੂਚੀਆਂ ਵਿੱਚੋਂ ਕਰੀਬ 13 ਕਰੋੜ ਨਾਮ ਹਟਾਏ ਗਏ ਸਨ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ SIR ਜਾਰੀ ਹੈ ਜਾਂ ਹਾਲ ਹੀ ਵਿੱਚ ਮੁਕੰਮਲ ਹੋਈ ਹੈ, ਉੱਥੇ SSR ਦਾ ਸਮਾਂ-ਸਾਰਣੀ ਬਾਅਦ ਵਿੱਚ ਐਲਾਨਿਆ ਜਾਵੇਗਾ।
SIR ਵਿੱਚ ਨਾਮ ਕੱਟੇ ਜਾਂ ਛੁੱਟੇ ਲੋਕ ਵੀ ਕਰਵਾ ਸਕਣਗੇ ਦਰਜ
SIR ਦੌਰਾਨ ਜਿਨ੍ਹਾਂ ਲੋਕਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਕੱਟੇ ਗਏ ਜਾਂ ਦਰਜ ਹੋਣ ਤੋਂ ਰਹਿ ਗਏ ਹਨ, ਉਹ ਫਾਰਮ-6 ਭਰ ਕੇ ਨਾਮ ਸ਼ਾਮਲ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ। ਹਾਲਾਂਕਿ, ਨਾਮ ਦਰਜ ਕਰਨ ਦਾ ਫ਼ੈਸਲਾ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ (ERO) ਵੱਲੋਂ ਯੋਗਤਾ ਦੀ ਜਾਂਚ ਕਰਨ ਤੋਂ ਬਾਅਦ ਕੀਤਾ ਜਾਵੇਗਾ। SSR ਦਾ ਮੁੱਖ ਉਦੇਸ਼ ਵੋਟਰ ਸੂਚੀਆਂ ਨੂੰ ਅਪਡੇਟ ਰੱਖਣਾ, ਯੋਗ ਵੋਟਰਾਂ ਦੇ ਨਾਮ ਜੋੜਨਾ ਅਤੇ ਦਰਜ ਵੇਰਵਿਆਂ ਵਿੱਚ ਗ਼ਲਤੀਆਂ ਸੁਧਾਰਨਾ ਹੈ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਸੂਚੀ ਵਿੱਚ ਸ਼ਾਮਲ ਕਰਨ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
SSR ਦਾ ਸਮਾਂ-ਸਾਰਣੀ ਜਾਰੀ: ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ:
2 ਨਵੰਬਰ 2026: ਵੋਟਿੰਗ ਕੇਂਦਰਾਂ ਦੇ ਪ੍ਰਬੰਧਾਂ ਵਿੱਚ ਲੋੜੀਂਦੀਆਂ ਤਬਦੀਲੀਆਂ।
12 ਨਵੰਬਰ 2026: ਡਰਾਫਟ ਵੋਟਰ ਸੂਚੀ ਜਾਰੀ ਹੋਵੇਗੀ।
12 ਨਵੰਬਰ ਤੋਂ 11 ਦਸੰਬਰ 2026: ਨਾਮਾਂ ਅਤੇ ਵੇਰਵਿਆਂ ਸਬੰਧੀ ਦਾਅਵੇ ਤੇ ਇਤਰਾਜ਼ ਦਰਜ ਕਰਵਾਏ ਜਾ ਸਕਣਗੇ।
28 ਦਸੰਬਰ 2026 ਤੱਕ: ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਜਾਵੇਗਾ।
4 ਜਨਵਰੀ 2027: ਅੰਤਿਮ ਵੋਟਰ ਸੂਚੀ ਜਾਰੀ ਹੋਵੇਗੀ।
2027 ਵਿੱਚ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ
ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਣੀਪੁਰ ਅਤੇ ਗੋਆ ਵਿੱਚ ਸਾਲ 2027 ਦੌਰਾਨ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਪੰਜਾਂ ਸੂਬਿਆਂ ਵਿੱਚ ਵੀ SSR ਕਰਵਾਈ ਜਾਵੇਗੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ 403 ਸੀਟਾਂ ਦਾ ਕਾਰਜਕਾਲ 22 ਮਈ 2027 ਨੂੰ ਖ਼ਤਮ ਹੋ ਰਿਹਾ ਹੈ। ਇਸੇ ਤਰ੍ਹਾਂ ਮਣੀਪੁਰ ਦੀਆਂ 60, ਗੋਆ ਦੀਆਂ 40, ਪੰਜਾਬ ਦੀਆਂ 117 ਅਤੇ ਉੱਤਰਾਖੰਡ ਦੀਆਂ 70 ਸੀਟਾਂ ਵਾਲੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਮਾਰਚ 2027 ਵਿੱਚ ਵੱਖ-ਵੱਖ ਤਰੀਕਾਂ ’ਤੇ ਸਮਾਪਤ ਹੋਵੇਗਾ।
ਜਨ ਪ੍ਰਤੀਨਿਧਤਾ ਕਾਨੂੰਨ, 1950 ਤਹਿਤ ਚੋਣ ਕਮਿਸ਼ਨ ਵਿਧਾਨ ਸਭਾ ਦਾ ਕਾਰਜਕਾਲ ਖ਼ਤਮ ਹੋਣ ਤੋਂ ਛੇ ਮਹੀਨੇ ਪਹਿਲਾਂ ਵੀ ਚੋਣਾਂ ਕਰਵਾ ਸਕਦਾ ਹੈ।







