ਪਾਕਿਸਤਾਨ ਦੇ ਹੱਕ ’ਚ ਬਿਆਨ ’ਤੇ ਘਿਰੇ ਭਾਜਪਾ ਪ੍ਰਧਾਨ, ਕਾਂਗਰਸ ਅਤੇ AAP ਨੇ ਚੁੱਕੇ ਸਵਾਲ

Top Trending News ਦਿੱਲੀ ਰਾਸ਼ਟਰੀ

 

ਪਾਕਿਸਤਾਨ ਦੇ ਹੱਕ ’ਚ ਬਿਆਨ ’ਤੇ ਘਿਰੇ ਭਾਜਪਾ ਪ੍ਰਧਾਨ, ਕਾਂਗਰਸ ਅਤੇ AAP ਨੇ ਚੁੱਕੇ ਸਵਾਲ

ਰਾਜਸਥਾਨ ਭਾਜਪਾ ਪ੍ਰਧਾਨ ਨੇ ਕਿਹਾ- ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ, ਮੈਂ ਭਾਰਤ-ਪਾਕਿ ਕ੍ਰਿਕਟ ਮੈਚ ਦੇ ਸੰਦਰਭ ’ਚ ਗੱਲ ਕੀਤੀ ਸੀ

ਨਵੀਂ ਦਿੱਲੀ 16 ਅਕਤੂਬਰ 2026- ਰਾਜਸਥਾਨ ਭਾਜਪਾ ਦੇ ਪ੍ਰਧਾਨ ਮਦਨ ਰਾਠੌੜ ਦੇ ਪਾਕਿਸਤਾਨ ਨਾਲ ਖੜ੍ਹੇ ਹੋਣ ਸਬੰਧੀ ਬਿਆਨ ਨੂੰ ਲੈ ਕੇ ਸਿਆਸੀ ਵਿਵਾਦ ਛਿੜ ਗਿਆ ਹੈ। ਉਨ੍ਹਾਂ ਦੇ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਭਾਜਪਾ ਦੀ ਰਾਸ਼ਟਰਵਾਦੀ ਸੋਚ ’ਤੇ ਸਵਾਲ ਖੜ੍ਹੇ ਕੀਤੇ ਹਨ।

ਵਾਇਰਲ ਵੀਡੀਓ ਵਿੱਚ ਰਾਠੌੜ ਕਹਿੰਦੇ ਦਿਖਾਈ ਦਿੰਦੇ ਹਨ ਕਿ ਜੇਕਰ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਜੰਗ ਹੁੰਦੀ ਹੈ ਤਾਂ ਭਾਰਤ ਪਾਕਿਸਤਾਨ ਦੇ ਨਾਲ ਖੜ੍ਹਾ ਹੋਵੇਗਾ, ਕਿਉਂਕਿ ਉਹ ਗੁਆਂਢੀ ਮੁਲਕ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨਾਲ ਜੁੜੇ ਮੁੱਦਿਆਂ ’ਤੇ ਉਹ ਆਪਣੇ ਦੇਸ਼ ਦੇ ਨਾਲ ਖੜ੍ਹੇ ਹਨ।

ਕਾਂਗਰਸ ਦੀ ਬੁਲਾਰਨ ਸ਼ਮਾ ਮੁਹੰਮਦ ਨੇ ਇਸ ਬਿਆਨ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਮੰਗਿਆ। ਉੱਧਰ, ਆਮ ਆਦਮੀ ਪਾਰਟੀ ਨੇ ਵੀ ਭਾਜਪਾ ’ਤੇ ਨਿਸ਼ਾਨਾ ਸਾਧਿਆ।

ਵਿਵਾਦ ਵਧਣ ਮਗਰੋਂ ਮਦਨ ਰਾਠੌੜ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ, ਉਹ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੇ ਸੰਦਰਭ ਵਿੱਚ ਗੱਲ ਕਰ ਰਹੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ-ਪਾਕਿਸਤਾਨ ਨਾਲ ਜੁੜੇ ਮੁੱਦਿਆਂ ’ਤੇ ਉਨ੍ਹਾਂ ਦਾ ਰੁਖ਼ ਸਾਫ਼ ਹੈ ਅਤੇ ਦੋਵਾਂ ਦੇਸ਼ਾਂ ਦੇ ਇਕੱਠੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।