ਹਿਮਾਚਲ ’ਚ ਬਰਫ਼ਬਾਰੀ ਦਾ ਕਹਿਰ! ਮਨਾਲੀ-ਲੇਹ ਹਾਈਵੇ ਬੰਦ, 100 ਤੋਂ ਵੱਧ ਵਾਹਨ ਫਸੇ
ਲਾਹੌਲ ਘਾਟੀ ਬਰਫ਼ ਦੀ ਚਿੱਟੀ ਚਾਦਰ ’ਚ ਲਿਪਟੀ, ਸੇਬ ਉਤਪਾਦਕਾਂ ਦੀ ਵਧੀ ਚਿੰਤਾ
ਲਾਹੌਲ 16 ਅਕਤੂਬਰ 2026- ਹਿਮਾਚਲ ਪ੍ਰਦੇਸ਼ ਦੀ ਲਾਹੌਲ ਘਾਟੀ ਸਮੇਤ ਉੱਚਾਈ ਵਾਲੇ ਪਹਾੜੀ ਇਲਾਕਿਆਂ ਵਿੱਚ ਪੱਛਮੀ ਗੜਬੜੀ ਕਾਰਨ ਹੋਈ ਅਚਾਨਕ ਭਾਰੀ ਬਰਫ਼ਬਾਰੀ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਸੜਕਾਂ ’ਤੇ ਬਰਫ਼ ਜੰਮਣ ਅਤੇ ਫਿਸਲਣ ਦਾ ਖ਼ਤਰਾ ਵਧਣ ਕਾਰਨ ਮਨਾਲੀ-ਲੇਹ ਹਾਈਵੇਅ (NH-3) ਨੂੰ ਆਮ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ਼ਿੰਕੁਲਾ ਟੌਪ, ਬਾਰਾਲਾਚਾ ਲਾ ਅਤੇ ਕੁੰਜ਼ੁਮ ਪਾਸ ’ਤੇ ਵੀ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।
ਬਰਫ਼ਬਾਰੀ ਦੌਰਾਨ ਚੰਦਰਾ ਵੈਲੀ ਅਤੇ ਰੋਪਸਾਂਗ ਨਾਲੇ ਨੇੜੇ 100 ਤੋਂ ਵੱਧ ਵਾਹਨ ਅਤੇ ਸੈਲਾਨੀ ਫਸ ਗਏ। ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੇ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਘਾਟੀ ਵਿੱਚ ਤਾਪਮਾਨ ਜ਼ੀਰੋ ਤੋਂ ਹੇਠਾਂ ਜਾਣ ਕਾਰਨ ਠੰਢ ਦਾ ਪ੍ਰਕੋਪ ਵੀ ਵਧ ਗਿਆ ਹੈ।
ਇਸ ਬੇਮੌਸਮੀ ਬਰਫ਼ਬਾਰੀ ਨੇ ਸੇਬ ਉਤਪਾਦਕਾਂ ਦੀ ਚਿੰਤਾ ਵਧਾ ਦਿੱਤੀ ਹੈ। ਬਾਗਾਂ ਵਿੱਚ ਫ਼ਸਲ ਪੱਕਣ ਦੇ ਸਮੇਂ ਮੀਂਹ ਅਤੇ ਬਰਫ਼ ਪੈਣ ਨਾਲ ਸੇਬਾਂ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਪਹਾੜੀ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਹੈ। ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਸਾਵਧਾਨ ਰਹਿਣ ਅਤੇ ਅਧਿਕਾਰਤ ਮਨਜ਼ੂਰੀ ਤੋਂ ਬਿਨਾਂ ਬੰਦ ਪਹਾੜੀ ਰਸਤਿਆਂ ’ਤੇ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।







