ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ, ਖ਼ੁਦ ਵੀ ਜ਼ਹਿਰੀਲੀ ਚੀਜ਼ ਨਿਗਲ ਕੇ ਦਿੱਤੀ ਜਾਨ

Top Trending News ਪੰਜਾਬ
  • ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ, ਖ਼ੁਦ ਵੀ ਜ਼ਹਿਰੀਲੀ ਚੀਜ਼ ਨਿਗਲ ਕੇ ਦਿੱਤੀ ਜਾਨ
  • ਆਰਥਿਕ ਤੰਗੀ ਕਾਰਨ ਪਤੀ-ਪਤਨੀ ਵਿਚਾਲੇ ਹੁੰਦਾ ਸੀ ਝਗੜਾ
  • ਖੇਤਾਂ ’ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ

ਬਰਨਾਲਾ: 16 ਅਕਤੂਬਰ (ਦੇਸ਼ ਕਲਿੱਕ ਬਿਊਰੋ): ਜ਼ਿਲ੍ਹਾ ਬਰਨਾਲਾ ਦੇ ਪਿੰਡ ਚੰਨਣਵਾਲ ਵਿੱਚ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਵੀ ਖੇਤਾਂ ਵਿੱਚ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਸ਼ੁੱਕਰਵਾਰ ਨੂੰ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੰਨਣਵਾਲ ਵਿੱਚ ਵਾਪਰੀ। ਮ੍ਰਿਤਕਾਂ ਦੀ ਪਛਾਣ ਭੋਲਾ ਸਿੰਘ ਅਤੇ ਉਸ ਦੀ ਪਤਨੀ ਕਰਮਜੀਤ ਕੌਰ ਵਜੋਂ ਹੋਈ ਹੈ। ਪਿੰਡ ਵਾਸੀਆਂ ਅਨੁਸਾਰ ਭੋਲਾ ਸਿੰਘ ਮਜ਼ਦੂਰੀ ਕਰਦਾ ਸੀ, ਜਦਕਿ ਕਰਮਜੀਤ ਕੌਰ ਘਰ ਦਾ ਖ਼ਰਚ ਚਲਾਉਣ ਵਿੱਚ ਮਦਦ ਲਈ ਮੱਝਾਂ ਪਾਲਦੀ ਸੀ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਦੋਵਾਂ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ।

ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਕਰਮਜੀਤ ਕੌਰ ਪਸ਼ੂਆਂ ਲਈ ਹਰਾ ਚਾਰਾ ਲੈਣ ਖੇਤਾਂ ਵਿੱਚ ਗਈ ਹੋਈ ਸੀ। ਇਸ ਦੌਰਾਨ ਭੋਲਾ ਸਿੰਘ ਵੀ ਉੱਥੇ ਪਹੁੰਚ ਗਿਆ ਅਤੇ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਰਮਜੀਤ ਕੌਰ ਦੀਆਂ ਚੀਕਾਂ ਸੁਣ ਕੇ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਲੋਕ ਮੌਕੇ ’ਤੇ ਪਹੁੰਚੇ ਤਾਂ ਦੋਵਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਦੱਸਿਆ ਜਾ ਰਿਹਾ ਹੈ ਕਿ ਪਤਨੀ ਦਾ ਕਤਲ ਕਰਨ ਤੋਂ ਬਾਅਦ ਭੋਲਾ ਸਿੰਘ ਕੁਝ ਦੂਰੀ ’ਤੇ ਜਾ ਕੇ ਜ਼ਹਿਰੀਲੀ ਚੀਜ਼ ਨਿਗਲ ਗਿਆ। ਇਸ ਕਾਰਨ ਉਸ ਦੀ ਵੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਮਹਿਲ ਕਲਾਂ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਥਾਣਾ ਮੁਖੀ ਇੰਸਪੈਕਟਰ ਕਮਲਜੀਤ ਕੌਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਜੋੜੇ ਦੇ ਦੋ ਧੀਆਂ ਅਤੇ ਇੱਕ ਪੁੱਤਰ ਹਨ। ਵੱਡੀ ਧੀ ਦਾ ਵਿਆਹ ਹੋ ਚੁੱਕਾ ਹੈ।