- ਮੇਰਠ ਸੱਪ ਕਾਂਡ: ਰਵਿਤਾ ਅਤੇ ਉਸ ਦੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ
- ਪਤੀ ਦੀ ਹੱਤਿਆ ਨੂੰ ਸੱਪ ਦੇ ਡੰਗ ਨਾਲ ਹੋਈ ਮੌਤ ਦਿਖਾਉਣ ਲਈ ਲਾਸ਼ ’ਤੇ ਛੱਡਿਆ ਸੀ ਸੱਪ
ਮੇਰਠ, 16 ਅਕਤੂਬਰ (ਦੇਸ਼ ਕਲਿੱਕ ਬਿਊਰੋ): ਮੇਰਠ ਦੇ ਚਰਚਿਤ ਸੱਪ ਕਾਂਡ ਵਿੱਚ ਅਦਾਲਤ ਨੇ ਰਵਿਤਾ ਅਤੇ ਉਸ ਦੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਵਾਂ ’ਤੇ ਰਵਿਤਾ ਦੇ ਪਤੀ ਅਮਿਤ ਕਸ਼ਯਪ ਦੀ ਹੱਤਿਆ ਕਰਕੇ ਇਸ ਨੂੰ ਸੱਪ ਦੇ ਡੰਗ ਨਾਲ ਹੋਈ ਮੌਤ ਦਿਖਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਦੋਸ਼ਾਂ ਮੁਤਾਬਕ, ਹੱਤਿਆ ਤੋਂ ਬਾਅਦ ਲਾਸ਼ ’ਤੇ ਸੱਪ ਛੱਡਿਆ ਗਿਆ ਸੀ।
ਸਜ਼ਾ ਸੁਣਾਉਣ ਤੋਂ ਪਹਿਲਾਂ ਅਦਾਲਤ ਵਿੱਚ ਦੋਵਾਂ ਪੱਖਾਂ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਸਰਕਾਰੀ ਵਕੀਲ ਨੇ ਦੋਵਾਂ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ, ਜਦਕਿ ਦੋਸ਼ੀਆਂ ਨੇ ਅਦਾਲਤ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਅਮਿਤ ਕਸ਼ਯਪ ਦੀ ਮਾਂ ਮੁਨੇਸ਼ ਦੇਵੀ ਵੀ ਅਦਾਲਤ ਵਿੱਚ ਪਹੁੰਚੀ ਹੋਈ ਸੀ। ਉਨ੍ਹਾਂ ਨੇ ਦੋਵਾਂ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ। ਸਜ਼ਾ ਦੇ ਐਲਾਨ ਤੋਂ ਪਹਿਲਾਂ ਰਵਿਤਾ ਅਤੇ ਅਮਰਦੀਪ ਨੂੰ ਆਨਲਾਈਨ ਮਾਧਿਅਮ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਨਰਮੀ ਵਰਤਣ ਦੀ ਅਪੀਲ ਕਰਦਿਆਂ ਘੱਟ ਸਜ਼ਾ ਦੇਣ ਦੀ ਮੰਗ ਕੀਤੀ। ਦੂਜੇ ਪਾਸੇ, ਪੀੜਤ ਪੱਖ ਦੇ ਵਕੀਲ ਨੇ ਇਸ ਘਟਨਾ ਨੂੰ ਗੰਭੀਰ ਅਪਰਾਧ ਦੱਸਦਿਆਂ ਦੋਵਾਂ ਲਈ ਮੌਤ ਦੀ ਸਜ਼ਾ ਦੀ ਮੰਗ ’ਤੇ ਜ਼ੋਰ ਦਿੱਤਾ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਰਵਿਤਾ ਅਤੇ ਅਮਰਦੀਪ ਨੂੰ ਫਾਂਸੀ ਦੀ ਸਜ਼ਾ ਸੁਣਾਈ।







